ਪੀਐੱਸਯੂ ਵੱਲੋਂ ਰਣਬੀਰ ਕਾਲਜ ਵਿੱਚ ਮੰਗਾਂ ਸਬੰਧੀ ਰੈਲੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਗਸਤ
ਇੱਥੇ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਮੰਗਾਂ ਦੇ ਹੱਲ ਲਈ ਰੈਲੀ ਕੀਤੀ ਗਈ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ। ਪ੍ਰਿੰਸੀਪਲ ਵੱਲੋਂ ਸਾਰੀਆਂ ਮੰਗਾਂ ’ਤੇ ਹੁੰਗਾਰਾ ਭਰਦਿਆਂ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਹਫਤਾ ਭਰ ਪ੍ਰਚਾਰ ਕੀਤਾ ਗਿਆ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਹੱਕਾਂ ਲਈ ਚੇਤਨ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਮਲਦੀਪ ਕੌਰ ਨੇ ਕੁੜੀਆਂ ਨੂੰ ਬਰਾਬਰਤਾ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ। ਵਿੱਦਿਅਕ ਸੰਸਥਾਵਾਂ ਦਾ ਮਾਹੌਲ ਕੁੜੀਆਂ ਲਈ ਸੁਰੱਖਿਅਤ ਭਰਿਆ ਹੋਵੇ, ਇਹ ਗੱਲ ’ਤੇ ਜ਼ੋਰ ਦਿੱਤਾ। ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸਾਰੀਆਂ ਕਲਾਸਾਂ ਲਗਾਉਣੀਆਂ ਯਕੀਨੀ ਬਣਾਈਆਂ ਜਾਣ, ਪੀ.ਜੀ ਬਲਾਕ ਦੇ ਬਰਾਂਡਿਆਂ ਦੀ ਚੱਲ ਰਹੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਜਾਵੇ। ਪਾਰਕਾਂ ਵਿੱਚ ਲੱਗਦੀਆਂ ਕਲਾਸਾਂ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ, ਵਾਟਰ ਕੂਲਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਤੇ ਪਾਰਕਾਂ ਦੇ ਘਾਹ ਦੀ ਕਟਾਈ ਕੀਤੀ ਜਾਵੇ। ਮੱਛਰ ਦੇ ਖਾਤਮੇ ਲਈ ਕੀਟਨਾਸ਼ਕ ਦਵਾਈ ਛਿੜਕੀ ਜਾਵੇ, ਕਮਰਿਆਂ ਅਤੇ ਬਾਥਰੂਮਾਂ ਦੀ ਸਫਾਈ ਕੀਤੀ ਜਾਵੇ ਅਤੇ ਲੜਕੀਆਂ ਦੇ ਬਾਥਰੂਮਾਂ ‘ਚ ਅਤੇ ਕਾਲਜ ਕੈਂਪਸ ਵਿੱਚ ਡਸਟਬਿਨ ਰੱਖੇ ਜਾਣ, ਨਵੀਂ ਲਾਇਬ੍ਰੇਰੀ ਫੌਰੀ ਚਾਲੂ ਕੀਤੀ ਜਾਵੇ। ਸਿਲੇਬਸ ਨਾਲ ਸਬੰਧਤ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ, ਪਾਰਕਾਂ ਵਿੱਚ ਬੈਠਣ ਲਈ ਬੈਚਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ। ਸਟੇਜ ਸਕੱਤਰ ਦੀ ਭੂਮਿਕਾ ਮਨਪ੍ਰੀਤ ਕੌਰ ਚੀਮਾ ਨੇ ਨਿਭਾਈ। ਰੈਲੀ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਸਾਥੀ ਵੀ ਸ਼ਾਮਿਲ ਹੋਏ। ਇਸ ਮੌਕੇ ਗੁਰਪ੍ਰੀਤ ਸਿੰਘ ਕਣਕਵਾਲ, ਸੁਖਚੈਨ ਸਿੰਘ ਪੁੰਨਾਵਾਲ, ਅਮਨਦੀਪ ਕੌਰ,ਸਹਿਜ ਦਿੜ੍ਹਬਾ, ਹਰਮਨ, ਬਲਜਿੰਦਰ ਸਿੰਘ ਲੱਡਾ, ਅੰਮ੍ਰਿਤ ਬਾਲਦ ਕਲਾਂ, ਸੁਖਪ੍ਰੀਤ ਕੌਰ,ਓਮ, ਸਾਹਿਬ ਦਿੜ੍ਹਬਾ, ਸ਼ੈਟੀ, ਮਨਪ੍ਰੀਤ ਆਦਿ ਹਾਜ਼ਰ ਸਨ।