ਬਿਜਲੀ ਮੁਲਾਜ਼ਮਾਂ ਵੱਲੋਂ ਥਰਮਲ ਦੇ ਗੇਟ ਅੱਗੇ ਰੈਲੀ
ਪੱਤਰ ਪ੍ਰੇਰਕ
ਭੁੱਚੋ ਮੰਡੀ, 22 ਅਗਸਤ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਜੱਥੇਬੰਦੀਆਂ ਐਂਪਲਾਈਜ ਯੂਨੀਅਨ ਅਤੇ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਬਲਵਿੰਦਰ ਸਿੰਘ ਖਾਲਸਾ, ਅਮਰਜੀਤ ਸਿੰਘ ਮੰਗਲੀ, ਕਿਰਨਦੀਪ ਸਿੰਘ, ਜਗਜੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੀਐੱਸਈਬੀ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਆਗੂਆਂ ਨਾਲ ਲਗਪਗ ਸੱਤ ਵਾਰ ਮੀਟਿੰਗ ਤੈਅ ਕਰਕੇ ਮੁਲਤਵੀ ਕੀਤੀ ਹੈ। ਇਸ ਕਰਕੇ ਮੁਲਾਜ਼ਮ 1 ਸਤੰਬਰ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਹਲਕੇ ਅੰਮ੍ਰਿਤਸਰ ਵਿੱਚ ਮਹਾਂ ਰੈਲੀ ਕਰਨਗੇ।
ਮੁਲਾਜ਼ਮ ਸਹਾਇਕ ਲਾਇਨਮੈਨ ਸੰਘਰਸ਼ ਕਮੇਟੀ ਵੱਲੋਂ ਧਰਨਾ 27 ਨੂੰ
ਮਾਨਸਾ (ਪੱਤਰ ਪ੍ਰੇਰਕ): ਮੁਲਾਜ਼ਮ ਸਹਾਇਕ ਲਾਈਨਮੈਨ ਸੰਘਰਸ਼ ਕਮੇਟੀ ਵੱਲੋਂ 27 ਅਗਸਤ ਨੂੰ 25 ਸਾਥੀਆਂ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਪਾਵਰਕੌਮ ਦੇ ਹੈੱਡ ਆਫਿਸ ਪਟਿਆਲਾ ਦੇ ਤਿੰਨੋਂ ਗੇਟ ਬੰਦ ਕਰਕੇ ਰੋਸ ਜਿਤਾਉਣ ਦਾ ਐਲਾਨ ਕੀਤਾ ਗਿਆ। ਜਥੇਬੰਦੀ ਦੀ ਮਾਨਸਾ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਨਵੀਨਰ ਬਲਕੌਰ ਸਿੰਘ ਮਾਨ ਨੇ ਦੱਸਿਆ ਕਿ ਇਹ ਧਰਨਾ 295/19 ਵਾਲੇ ਟਰਮੀਨੇਟ ਕੀਤੇ 25 ਸਾਥੀਆਂ ਬਹਾਲ ਕਰਾਉਣਾ ਅਤੇ ਪਰਖ ਕਾਲ ਸਮਾਂ ਪੂਰਾ ਕਰ ਚੁੱਕੇ ਸਾਥੀਆਂ ਦੀਆਂ ਤਨਖਾਹਾਂ ਜਾਰੀ ਕਰਵਾਉਣਾ,289/16 ਵਾਲੇ ਸਾਥੀਆਂ ਨੂੰ ਲਾਇਨਮੈਨ ਬਣਾਉਣਾ ਅਤੇ 299/22 ਵਾਲੇ ਸਾਥੀਆਂ ਨੂੰ ਛੇਵਾਂ ਪੇਅ ਕਮਿਸ਼ਨ ਲਾਗੂ ਕਰਵਾਉਣਾ ਅਤੇ ਹੋਰ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ।