ਦਫ਼ਤਰੀ ਕਾਮਿਆਂ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਰੈਲੀ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਨਵੰਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਅੱਜ ਜ਼ਿਲ੍ਹੇ ਦੇ ਸਮੁੱਚੇ ਦਫ਼ਤਰੀ ਕਾਮਿਆਂ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ ਅਤੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਰੋਸ ਰੈਲੀ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਸਬੰਧ ਵਿਚ ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਠਾਕੁਰ ਤੇ ਮਨਦੀਪ ਸਿੰਘ ਚੌਹਾਨ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, ਬਕਾਇਆ ਡੀਏ ਦੀਆਂ ਕਿਸ਼ਤਾਂ, ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖ਼ਾਹ ਅਤੇ ਭੱਤਿਆਂ ਦੀ ਅਦਾਇਗੀ ਕਰਨਾ, ਕੇਂਦਰੀ ਪੈਟਰਨ ’ਤੇ ਨਵੀਂ ਭਰਤੀ ਕਰਨ ਦਾ ਪੱਤਰ ਰੱਦ ਕਰਨਾ ਅਤੇ 04-09-14 ਏਸੀਪੀ ਸਕੀਮ ਬਹਾਲ ਕਰਨਾ ਆਦਿ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਹਾਂ-ਪੱਖੀ ਹੁੰਗਾਰਾ ਨਾ ਦੇਣ ਕਾਰਨ ਜਥੇਬੰਦੀ ਵੱਲੋਂ 8 ਤੋਂ 13 ਨਵੰਬਰ ਤੱਕ ਕਲਮ ਛੋੜ ਹੜਤਾਲ ਕੀਤੀ ਗਈ ਸੀ ਪਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕਲਮਛੋੜ ਹੜਤਾਲ ਵਿਚ 20 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ। ਇਸੇ ਤਹਿਤ ਅੱਜ ਦਸਵੇਂ ਦਿਨ ਵੀ ਜ਼ਿਲ੍ਹੇ ਦੇ ਸਮੁੱਚੇ ਦਫ਼ਤਰੀ ਕਾਮਿਆਂ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ ਅਤੇ ਦਫ਼ਤਰ ਸਿਵਲ ਸਰਜਨ ਦੇ ਬਾਹਰ ਰੋਸ ਰੈਲੀ ਕਰ ਕੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਮੁੱਚੇ ਦਫ਼ਤਰੀ ਕਾਮੇ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ 10 ਦਿਨਾਂ ਤੋਂ ਹੜਤਾਲ ’ਤੇ ਹਨ। ਇਸ ਮੌਕੇ ਤਜਿੰਦਰ ਸਿੰਘ ਢਿੱਲੋਂ, ਅਤੁਲ ਸ਼ਰਮਾ, ਅਮਨ ਥਰੀਏਵਾਲ, ਮੁਨੀਸ਼ ਕੁਮਾਰ ਸੂਦ, ਗੁਰਵੇਲ ਸਿੰਘ ਸੇਖੋਂ, ਕੁਲਦੀਪ ਸਿੰਘ, ਜਰਨੈਲ ਸਿੰਘ, ਮਨੀਸ਼ ਕੁਮਾਰ, ਗੁਰਮੁਖ ਸਿੰਘ ਚਾਹਲ, ਰਣਬੀਰ ਸਿੰਘ ਰਾਣਾ, ਅਮਰਜੀਤ ਸਿੰਘ, ਵਿਕਾਸ ਜੋਸ਼ੀ, ਅਜੈ ਸ਼ਰਮਾ ਹਾਜ਼ਰ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਸਟੇਟ ਮਨਿਸਟਰੀਅਲ ਸਰਵਜਿ ਯੂਨੀਅਨ ਦੇ ਝੰਡੇ ਹੇਠ ਆਪਣੀਆਂ ਮੰਗਾ ਲਈ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਅੱਜ ਆਪਣੇ ਕੰਮ ਠੱਪ ਕਰ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਸਰਕਾਰ ਖ਼ਿਲਾਫ਼ ਰੋਸ ਦਿਖਾਵਾ ਕੀਤਾ| ਇਸ ਹੜਤਾਲ ਵਿੱਚ ਡਿਪਟੀ ਕਮਿਸ਼ਨਰਾਂ, ਐਸਡੀਐਮ, ਤਹਿਸੀਲਾਂ ਦੇ ਮੁਲਾਜ਼ਮਾਂ ਆਦਿ ਤੋਂ ਇਲਾਵਾ ਸਿਹਤ ਸਿੱਖਿਆ, ਖਜ਼ਾਨਾ, ਖੇਤੀਬਾੜੀ ਆਦਿ ਵਿਭਾਗਾਂ ਦੇ ਮੁਲਾਜ਼ਮ ਹਿੱਸਾ ਲੈ ਰਹੇ ਹਨ| ਦਿਖਾਵਾਕਾਰੀਆਂ ਨੂੰ ਜਥੇਬੰਦੀ ਦੇ ਆਗੂ ਕਰਵਿੰਦਰ ਸਿੰਘ ਚੀਮਾ, ਤਰਸੇਮ ਸਿੰਘ, ਗੁਰਸੇਵਕ ਸਿੰਘ, ਰਾਕੇਸ਼ ਬਾਵਾ ਨੇ ਸੰਬੋਧਨ ਕੀਤਾ|