ਮੁਲਾਜ਼ਮਾਂ ਵੱਲੋਂ ਨਿਗਰਾਨ ਇੰਜਨੀਅਰ ਦੇ ਦਫ਼ਤਰ ਅੱਗੇ ਰੈਲੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਫ਼ਰਵਰੀ
ਪੀਡਬਲਿਊਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਅੱਜ ਇਥੇ ਨਿਗਰਾਨ ਇੰਜਨੀਅਰ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਦਫਤਰ ਅੱਗੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਚੰਦ ਗਾਜ਼, ਜਨਰਲ ਸਕੱਤਰ ਬਲਰਾਜ ਮੌੜ, ਮੱਖਣ ਸਿੰਘ ਖਣਗਵਾਲ, ਅਰਜਨ ਸਰਾਂ, ਧਰਮ ਸਿੰਘ ਕੋਠਾਗੁਰੂ, ਹਰਨੇਕ ਗਹਿਰੀ, ਦਰਸ਼ਨ ਸ਼ਰਮਾ, ਪਿਆਰੇ ਲਾਲ, ਨਰਿੰਦਰ ਸ਼ਰਮਾ, ਪਰਮ ਚੰਦ ਬਠਿੰਡਾ, ਗੁਰਚਰਨ ਜੋੜਕੀਆਂ, ਗੁਰਮੀਤ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਲਗਾਤਾਰ ਹਦਾਇਤਾਂ ਆਉਣ ਦੇ ਬਾਵਜੂਦ ਅਤੇ ਜਥੇਬੰਦੀ ਵੱਲੋਂ ਕਈ ਵਾਰ ਮਿਲਣ ਤੇ ਮੀਟਿੰਗਾਂ ਵਿੱਚ ਭਰੋਸਾ ਮਿਲਣ ਦੇ ਬਾਵਜੂਦ, ਨਿਗਰਾਨ ਇੰਜਨੀਅਰ ਬਠਿੰਡਾ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਆਖਿਆ ਕਿ ਠੇਕਾ ਤੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਦੇਣਾ, ਅਤੇ ਕੇਡਰ ਬਦਲ ਕੇ ਬੇਲਦਾਰ ਤੋਂ ਕੀ-ਮੈਨ ਬਣਾਉਣ ਵਰਗੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਇਹ ਮਸਲੇ ਜਲਦੀ ਹੱਲ ਨਾ ਕੀਤੇ ਗਏ ਤਾਂ 21 ਫਰਵਰੀ ਨੂੰ ਨਿਗਰਾਨ ਇੰਜੀਨੀਅਰ ਬਠਿੰਡਾ ਦੇ ਦਫ਼ਤਰ ਅੱਗੇ ਮੁੜ ਰੋਸ ਧਰਨਾ ਦਿੱਤਾ ਜਾਵੇਗਾ।