For the best experience, open
https://m.punjabitribuneonline.com
on your mobile browser.
Advertisement

ਰਾਏਕੇ ਕਲਾਂ ’ਚ ਲਾਠੀਚਾਰਜ ਖ਼ਿਲਾਫ਼ ਕਿਸਾਨਾਂ ਵੱਲੋਂ ਰੈਲੀ

06:52 AM Nov 13, 2024 IST
ਰਾਏਕੇ ਕਲਾਂ ’ਚ ਲਾਠੀਚਾਰਜ ਖ਼ਿਲਾਫ਼ ਕਿਸਾਨਾਂ ਵੱਲੋਂ ਰੈਲੀ
ਪਿੰਡ ਰਾਏਕੇ ਕਲਾਂ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ।
Advertisement

ਮਨੋਜ ਸ਼ਰਮਾ
ਬਠਿੰਡਾ, 12 ਨਵੰਬਰ
ਪੁਲੀਸ ਵੱਲੋਂ ਕਿਸਾਨਾਂ ’ਤੇ ਬੀਤੀ ਰਾਤ ਲਾਠੀਚਾਰਜ ਕਰਨ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਾਏਕੇ ਕਲਾਂ ਦੀ ਦਾਣਾ ਮੰਡੀ ਵਿੱਚ ਰੈਲੀ ਕੀਤੀ ਗਈ। ਕਿਸਾਨਾਂ ਨੇ ਐਲਾਨ ਕੀਤਾ ਕਿ ਜੇ ਦਾਣਾ ਮੰਡੀ ਵਿੱਚ ਪਏ ਝੋਨੇ ਦੀ ਬੋਲੀ ਨਾ ਲਾਈ ਗਈ ਤਾਂ ਤਿੱਖਾ ਐਕਸ਼ਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਖਰੀਦ ਇੰਸਪੈਕਟਰਾਂ ਨੂੰ ਦਾਣਾ ਮੰਡੀ ਵਿੱਚ ਲਿਆਂਦਾ ਗਿਆ ਅਤੇ ਦਾਣਾ ਮੰਡੀ ਵਿੱਚ ਪਿਆ 20 ਫੀਸਦੀ ਤੱਕ ਨਮੀ ਵਾਲੇ ਸਾਰੇ 14000 ਗੱਟੇ ਝੋਨੇ ਦੀ ਖਰੀਦ ਕੀਤੀ ਅਤੇ ਲਾਠੀਚਾਰਜ ਦੌਰਾਨ ਪੁਲੀਸ ਵੱਲੋਂ ਕਿਸਾਨਾਂ ਦਾ ਖੋਹਿਆ ਹੋਇਆ ਸਾਮਾਨ ਵਾਪਸ ਦੇਣ ਤੋਂ ਬਾਅਦ ਕਿਸਾਨਾਂ ਨੇ ਰਾਏਕੇ ਕਲਾਂ ਦੀ ਮੰਡੀ ਵਿੱਚ ਸੰਘਰਸ਼ ਸਮਾਪਤ ਕਰ ਦਿੱਤਾ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਕਰਮਜੀਤ ਕੌਰ ਲਹਿਰਾ ਖਾਨਾ, ਮਾਲਣ ਕੌਰ ਕੋਠਾ ਗੁਰੂ ਅਤੇ ਬਲਾਕ ਸੰਗਤ ਦੇ ਆਗੂ ਰਾਮ ਸਿੰਘ ਕੋਟਗੁਰੂ ਅਤੇ ਅਜੈਪਾਲ ਸਿੰਘ ਘੁੱਦਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਫਸਲਾਂ ਦੀ ਖਰੀਦ ਤੋਂ ਭੱਜਣ ਦੀ ਨੀਤੀ ਤਹਿਤ ਝੋਨੇ ਵਿੱਚ ਨਮੀ ਦੀ ਮਾਤਰਾ 17 ਫੀਸਦੀ ਤੋਂ ਵੱਧ ਕਹਿ ਕੇ ਖਰੀਦਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਸ਼ੈੱਲਰ ਮਾਲਕਾਂ ਵੱਲੋਂ ਵੀ ਅਜਿਹਾ ਬਹਾਨਾ ਲਾ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਝੋਨਾ ਮਾਪਦੰਡਾਂ ਅਨੁਸਾਰ ਨਹੀਂ ਆ ਰਿਹਾ ਤਾਂ ਸ਼ੈੱਲਰਾਂ ਵਿਚ ਖਰੀਦ ਕੇ ਰੱਖੇ ਝੋਨੇ ਦੀ ਨਮੀ ਚੈੱਕ ਕੀਤੀ ਜਾਵੇ, ਜਿੰਨੀ ਨਮੀ ਸ਼ੈੱਲਰ ਵਿੱਚ ਪਏ ਝੋਨੇ ਦੀ ਹੈ, ਉਸ ਦੇ ਆਧਾਰ ’ਤੇ ਓਨੀ ਹੀ ਨਮੀ ਵਾਲਾ ਝੋਨਾ ਮੰਡੀਆਂ ਵਿੱਚੋਂ ਖਰੀਦਿਆ ਅਤੇ ਚੁੱਕਿਆ ਜਾਵੇ। ਕਿਸਾਨ ਆਗੂਆਂ ਝੰਡਾ ਸਿੰਘ ਜੇਠੂਕੇ ਤੇ ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ 13 ਨਵੰਬਰ ਸ਼ਾਮ ਤੋਂ ਟੌਲ ਫਰੀ ਮੋਰਚੇ ਖਤਮ ਕਰਕੇ 14 ਤੋਂ ਝੋਨੇ ਦੀ ਖਰੀਦ ’ਚ ਅੜਿੱਕਿਆਂ ਵਾਲੀਆਂ ਮੰਡੀਆਂ ਵਿੱਚ ਧਰਨੇ ਅਤੇ ਗਿੱਦੜਬਾਹਾ ਤੇ ਬਰਨਾਲਾ ਦੇ ਚੋਣ ਹਲਕਿਆਂ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਵੋਟ ਪਾਰਟੀਆਂ ਵਿਰੁੱਧ ਜ਼ੋਰਦਾਰ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

Advertisement

ਚਾਰ ਕਿਸਾਨ ਆਗੂਆਂ ਸਣੇ 40 ਅਣਪਛਾਤਿਆਂ ’ਤੇ ਕੇਸ ਦਰਜ

ਰਾਏਕੇ ਕਲਾਂ ਦੇ ਜਿਣਸ ਕੇਂਦਰ ਵਿੱਚ ਖ਼ਰੀਦ ਇੰਸਪੈਕਟਰਾਂ ਅਤੇ ਨਾਇਬ ਤਹਿਸੀਲਦਾਰ ਦੇ ਘਿਰਾਓ ਦੇ ਮਾਮਲੇ ਵਿੱਚ ਨੰਦਗੜ੍ਹ ਦੀ ਪੁਲੀਸ ਨੇ ਬੀਕੇਯੂ ਉਗਰਾਹਾਂ ਦੇ ਚਾਰ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਪਨਗਰੇਨ ਖ਼ਰੀਦ ਏਜੰਸੀ ਦੇ ਇੰਸਪੈਕਟਰ ਰਾਜਬੀਰ ਸਿੰਘ ਵੱਲੋਂ ਥਾਣਾ ਨੰਦਗੜ੍ਹ ਵਿਚ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਥਾਣਾ ਨੰਦਗੜ੍ਹ ਦੇ ਮੁੱਖ ਅਫ਼ਸਰ ਸੰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ, ਰਾਮ ਸਿੰਘ, ਗੋਰਾ ਸਿੰਘ ਕੋਟਗੁਰੂ, ਅਜੈਪਾਲ ਸਿੰਘ ਤੇ 40 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement