ਗੌਰਮਿੰਟ ਪੈਨਸ਼ਨਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਰੈਲੀ
ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 28 ਜੂਨ
ਪੰਜਾਬ ਸਰਕਾਰ ਵਲੋਂ ਵਿਕਾਸ ਟੈਕਸ ਦੇ ਨਾਂ ‘ਤੇ ਪੈਨਸ਼ਨਰਾਂ ਨੂੰ 200 ਰੁਪਏ ਪ੍ਰਤੀ ਮਹੀਨਾ ਟੈਕਸ ਲਾਉਣ ਦੇ ਕੀਤੇ ਗਏ ਫੈਸਲੇ ਦੇ ਵਿਰੋਧ ਵਿੱਚ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆ ਮੰਗਾਂ ਨੂੰ ਲੈ ਕੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸੈਂਕੜੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੇ ਰੋਹ ਭਰਪੂਰ ਰੈਲੀ ਕਰਕੇ ਪੰਜਾਬ ਸਰਕਾਰ ਦੀਆਂ ਨੀਤੀਆ ਦੀ ਕਰੜੀ ਅਲੋਚਨਾ ਕੀਤੀ। ਅੱਜ ਦੀ ਰੈਲੀ ਗੌਰਮਿੰਟ ਪੈਨਸ਼ਨ ਯੂਨੀਅਨ ਪੰਜਾਬ ਅਤੇ ਪ.ਸ.ਸ.ਫ (ਵਿ) ਅਤੇ ਪੰਜਾਬ ਫੀਲਡ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨ ਯੂਨੀਅਨ ਨੇ ਕੀਤੀ, ਸਟੇਜ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਸਾਥੀ ਪ੍ਰੇਮ ਕੁਮਾਰ ਨੇ ਕੀਤਾ। ਰੈਲੀ ਨੂੰ ਗੌਰਮਿੰਟ ਟੀਚਰ ਯੂਨੀਅਨ (ਵਿ) ਦੇ ਸੂਬਾ ਜਨਰਲ ਸਕੱਤਰ ਸਾਥੀ ਸੁਰਿੰਦਰ ਕੰਬੋਜ, ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਘੱਲੂ ਅਤੇ ਜਨਰਲ ਸਕੱਤਰ ਮੇਜਰ ਸਿੰਘ ਆਦਿ ਨੇ ਸੰਬੋਧਨ ਕੀਤਾ।
ਬਰਨਾਲਾ (ਖੇਤਰੀ ਪ੍ਰਤੀਨਿਧ): ਪੰਜਾਬ ਸਰਕਾਰ ਵੱਲੋਂ ਲਗਾਏ 200 ਪ੍ਰਤੀ ਮਹੀਨਾ ‘ਵਿਕਾਸ’ ਟੈਕਸ ਨੂੰ ‘ਜਜ਼ੀਆ’ ਟੈਕਸ ਕਰਾਰ ਦਿੰਦਿਆਂ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਇੱਥੇ ਧਨੌਲਾ ਰੋਡ ਸਥਿਤ ਮੁੱਖ ਦਫਤਰ ਵਿਖੇ ਇਕੱਠੇ ਹੋਕੇ ਰੈਲੀ ਉਪਰੰਤ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਪੁੱਜ ਕੇ ਕਟੌਤੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਸ਼ਿੰਦਰ ਧੌਲਾ, ਮਹਿੰਦਰ ਸਿੰਘ ਕਾਲਾ, ਗੁਰਚਰਨ ਸਿੰਘ, ਹਰਨੇਕ ਸਿੰਘ ਸੰਘੇੜਾ, ਗੌਰੀ ਸ਼ੰਕਰ, ਜਗਦੀਸ਼ ਸਿੰਘ ਨਾਈਵਾਲਾ ਅਤੇ ਬਹਾਦਰ ਸਿੰਘ ਸੰਘੇੜਾ ਨੇ ਸੰਬੋਧਨ ਕੀਤਾ।