ਬੱਸ ਕਾਮਿਆਂ ਵੱਲੋਂ ਸਰਕਾਰ ਖ਼ਿਲਾਫ਼ ਰੈਲੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਜੁਲਾਈ
ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਭਖ਼ਦੀਆਂ ਮੰਗਾਂ ਮੰਨਵਾਉਣ ਲਈ ਅੱਜ ਇੱਥੇ ਪੀਆਰਟੀਸੀ ਡਿੱਪੂ ਅੱਗੇ ਗੇਟ ਰੈਲੀ ਕੀਤੀ। ਇਸ ਮੌਕੇ ਯੂਨੀਅਨ ਦੇ ਆਗੂਆਂ ਕੁਲਵੰਤ ਸਿੰਘ ਮਨੇਸ, ਸੰਦੀਪ ਸਿੰਘ ਗਰੇਵਾਲ, ਸਰਬਜੀਤ ਸਿੰਘ ਤੇ ਕੁਲਦੀਪ ਸਿੰਘ ਬਾਦਲ ਆਦਿ ਨੇ ਪੰਜਾਬ ਸਰਕਾਰ ’ਤੇ ਉਨ੍ਹਾਂ ਦੀਆਂ ਮੰਗਾਂ ਤੋਂ ਭੱਜਣ ਦਾ ਦੋਸ਼ ਲਾਇਆ। 19 ਦਸਬੰਰ 2022 ਨੂੰ ਵਿਜੈ ਕੁਮਾਰ ਜੰਜੂਆ ਨਾਲ ਯੂਨੀਅਨ ਦੇ ਵਫ਼ਦ ਦੀ ਮੀਟਿੰਗ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਦੋਂ ਸਰਕਾਰ ਨੇ ਮੰਗਾਂ ’ਤੇ ਵਿਚਾਰ ਕਰਨ ਲਈ ਦੋ ਹਫ਼ਤੇ ਮੰਗੇ ਸਨ। ਉਨ੍ਹਾਂ ਕਿਹਾ ਕਿ ਪਰ ਅਜੇ ਤੱਕ ਗੱਲ ਤਣ ਪੱਤਣ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਮੌਕੇ ਵੀ ਮੁੱਖ ਮੰਤਰੀ ਨੇ ਮੰਗਾਂ ਦੀ ਪੂਰਤੀ ਜਲਦੀ ਕਰਨ ਦਾ ਵਿਸ਼ਵਾਸ ਦੁਆਇਆ ਸੀ ਪਰ ਮਾਮਲਾ ਉਥੇ ਹੀ ਅੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜ ਟਰਾਂਸਪੋਰਟ ਸਕੱਤਰ ਨਾਲ ਲੰਘੀ 27 ਜੂਨ ਨੂੰ ਹੋਈ ਮੀਟਿੰਗ ’ਚ ਮੰਗਾਂ ’ਤੇ ਫਿਰ ਸਹਿਮਤੀ ਬਣੀ ਅਤੇ ਇਕਸਾਰ ਤਨਖਾਹ ਅਤੇ 5 ਫੀਸਦੀ ਵਾਧੇ ਬਾਰੇ ਪੀਆਰਟੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ’ਚ ਵਿਚਾਰਨ ਲਈ ਆਖਿਆ ਗਿਆ ਪਰ ਪਤਾ ਲੱਗਾ ਹੈ ਕਿ ਬੋਰਡ ਨੇ ਮੰਗਾਂ ਨੂੰ ਏਜੰਡੇ ’ਚੋਂ ਹੀ ਬਾਹਰ ਕਰ ਦਿੱਤਾ ਹੈ। ਆਗੂਆਂ ਨੇ ਸਰਕਾਰੀ ਟਰਾਂਸਪੋਰਟਰ ਨੂੰ ਕਿਲੋਮੀਟਰ ਸਕੀਮ ’ਚੋਂ ਵੀ ਬਾਹਰ ਕੱਢਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ 11 ਜੁਲਾਈ ਨੂੰ 2 ਘੰਟੇ ਲਈ ਪੀਆਰਟੀਸੀ ਦੇ ਬੱਸ ਅੱਡਿਆਂ ’ਤੇ ਹੜਤਾਲ ਕੀਤੀ ਜਾਵੇਗੀ।