ਰਾਜਪੁਰਾ ’ਚ ਲੁੱਟਾਂ-ਖੋਹਾਂ ਖਿ਼ਲਾਫ਼ ਰੈਲੀ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 10 ਜਨਵਰੀ
ਸ਼ਹਿਰ ਵਿਚ ਨਿੱਤ ਦਿਨ ਲੁੱਟਾਂ-ਖੋਹਾਂ, ਝਪਟਮਾਰੀ ਅਤੇ ਚੋਰੀ ਦੀਆਂ ਵਾਪਰ ਰਹੀਆਂ ਵਾਰਦਾਤਾਂ ਖ਼ਿਲਾਫ਼ ਐਂਟੀ ਕਰੱਪਸ਼ਨ ਫਾਊਂਡੇਸ਼ਨ ਰਾਜਪੁਰਾ ਜ਼ਿਲ੍ਹਾ ਪਟਿਆਲਾ ਵੱਲੋਂ ‘ਪ੍ਰਸ਼ਾਸਨ ਜ਼ਰਾ ਹੋਸ਼ ਮੇ ਆਓ’ ਬੈਨਰ ਹੇਠ ਜ਼ਿਲ੍ਹਾ ਪ੍ਰਧਾਨ ਰਿਸ਼ੀ ਰਾਜ ਸ਼ਰਮਾ ਅਤੇ ਜ਼ਿਲ੍ਹਾ ਵਾਈਸ ਚੇਅਰਮੈਨ ਰਵੀ ਧੀਮਾਨ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਗਈ ਹੈ ਜੋ ਕਾਲ਼ੀ ਮਾਤਾ ਮੰਦਰ ਰਾਜਪੁਰਾ ਤੋਂ ਸ਼ੁਰੂ ਹੋ ਕੇ ਟਾਹਲੀ ਵਾਲ਼ਾ ਚੋਕ ਵਿਖੇ ਜਾ ਕੇ ਸਮਾਪਤ ਹੋਈ।
ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਰਾਜਪੁਰਾ ਸ਼ਹਿਰ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਆਮ ਸ਼ਹਿਰੀ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਤੇ ਪ੍ਰਸ਼ਾਸਨ ਨਸ਼ਿਆਂ ਅਤੇ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਨੱਥ ਪਾਵੇ। ਉਨ੍ਹਾਂ ਦੱਸਿਆ ਕਿ ਅਜਿਹੀਆਂ ਰੈਲੀਆਂ ਭਵਿੱਖ ਵਿੱਚ ਵੀ ਕੱਢੀਆਂ ਜਾਣਗੀਆਂ।ਇਸ ਮੌਕੇ ਸ਼ਿਵ ਲਾਲ ਬਨਵਾੜੀ,ਸ਼ਿਵ ਲਾਲ ਮੋਨੀ, ਨੀਰਜ ਭਾਂਬਰੀ, ਹਿਤੇਸ਼ ਕੁਮਾਰ ਆਦਿ ਵੀ ਮੌਜੂਦ ਸਨ।