ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੈਲੀ
ਪਰਸ਼ੋਤਮ ਬੱਲੀ
ਬਰਨਾਲਾ, 9 ਨਵੰਬਰ
ਇੱਥੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਤੇ ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਮੁਜ਼ਾਹਰਾ ਕਰ ਕੇ ਰੈਲੀ ਕੀਤੀ ਗਈ। ਇਸ ਦੌਰਾਨ ਅਧਿਆਪਕਾਂ ਵੱਲੋਂ ਸਥਾਨਕ ਕਚਹਿਰੀ ਚੌਕ ਵਿੱਚ ਕੀਤੀ ਰੈਲੀ ਨੂੰ ਡੀਟੀਐੱਫ ਦੇ ਸੂਬਾ ਪ੍ਰਧਾਨ ਦਿੱਗਵਿਜੈ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਸੰਬੋਧਨ ਕੀਤਾ। ਉਪਰੰਤ ਡਿਊਟੀ ਮੈਜਿਸਟਰੇਟ ਵੱਲੋਂ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਧਰਨਾ ਚੁੱਕ ਦਿੱਤਾ। ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਵੱਲੋਂ ਹਾਲ ਹੀ ’ਚ ਕੀਤੀਆਂ ਲੈਕਚਰਾਰਾਂ ਦੀਆਂ ਤਰੱਕੀਆਂ ਦੌਰਾਨ ਅਧਿਆਪਕਾਂ ਨਾਲ ਬੇਇਨਸਾਫ਼ੀ ਕੀਤੀ ਗਈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਕੱਟੇ ਗਏ 36 ਤਰ੍ਹਾਂ ਦੇ ਭੱਤਿਆਂ ਦੀ ਬਹਾਲੀ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ।
ਸਿੱਖਿਆ ਨੂੰ ਪ੍ਰਾਜੈਕਟਾਂ ਨਾਲ ਜੋੜ ਕੇ ਅਧਿਆਪਕਾਂ ਨੂੰ ਖ਼ੁਆਰ ਕੀਤਾ ਜਾ ਰਿਹਾ ਹੈ। ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ ਦੇ ਮੀਤ ਪ੍ਰਧਾਨ ਡਾ. ਟੀਨਾ ਅਤੇ ਸੂਬਾ ਸਕੱਤਰ ਡਾ. ਅਜੈ ਸ਼ਰਮਾ ਨੇ ਮੰਗ ਕੀਤੀ ਕਿ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰੇ ਤਨਖਾਹ ਸਕੇਲਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਰੈਲੀ ਦੌਰਾਨ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੂਬਾ ਵਿੱਤ ਸਕੱਤਰ ਜਸਵਿੰਦਰ ਗੋਨਿਆਣਾ, ਜ਼ਿਲ੍ਹਾ ਪ੍ਰਧਾਨ ਬਰਨਾਲਾ ਬਲਜੀਤ ਸਿੰਘ ਅਕਲੀਆ ਤੇ ਸੰਗਰੂਰ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਸੰਬੋਧਨ ਕੀਤਾ। ਇਸ ਮੌਕੇ ਬਲਰਾਮ ਸ਼ਰਮਾ, ਚਰਨਜੀਤ ਕਪੂਰਥਲਾ, ਪ੍ਰਿਤਪਾਲ ਸਿੰਘ ਬਰਨਾਲਾ, ਸੁਖਵਿੰਦਰਜੀਤ ਜਲੰਧਰ, ਪਰਮਿੰਦਰ ਸਿੰਘ ਫ਼ਤਹਿਗੜ੍ਹ ਤੇ ਗਗਨਦੀਪ ਬਰਾੜ ਹਾਜ਼ਰ ਸਨ।