ਕੁਲਰੀਆਂ ਦੇ ਕਾਸ਼ਤਕਾਰਾਂ ਨੂੰ ਉਜਾੜਨ ਖ਼ਿਲਾਫ਼ ਰੈਲੀ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਅੱਜ ਪਿੰਡ ਕੁਲਰੀਆਂ ਵਿੱਚ ਪਿਛਲੇ 65-70 ਸਾਲਾਂ ਤੋਂ ਕਾਬਜ਼ ਕਾਸ਼ਤਕਾਰ ਕਿਸਾਨਾਂ ਨੂੰ ਪੰਚਾਇਤੀ ਵਿਭਾਗ ਵੱਲੋਂ ਜਬਰੀ ਤੌਰ ’ਤੇ ਜ਼ਮੀਨ ਤੋਂ ਬੇਦਖ਼ਲ ਕਰਨ ਦੇ ਵਿਰੋਧ ਵਜੋਂ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨੇ ਭਲਕੇ 6 ਜੂਨ ਨੂੰ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਬੁਲਾਈ ਹੈ, ਜਿਸ ਵਿਚ ਮਸਲੇ ਦਾ ਸ਼ਾਂਤਮਈ ਹੱਲ ਲੱਭਣ ’ਤੇ ਜ਼ੋਰ ਦਿੱਤਾ ਜਾਵੇਗਾ। ਪ੍ਰਸ਼ਾਸਨ ਦੇ ਇਸ ਬੁਲਾਵੇ ਤੋਂ ਬਾਅਦ ਜਥੇਬੰਦੀ ਵੱਲੋਂ ਰੈਲੀ ਨੂੰ ਸਮਾਪਤ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪਿੰਡ ਕੁਲਰੀਆਂ ਵਿੱਚ ਪੰਚਾਇਤੀ ਵਿਭਾਗ ਵੱਲੋਂ ਲਗਪਗ 65 ਸਾਲਾਂ ਤੋਂ ਜ਼ਮੀਨ ’ਤੇ ਕਾਬਜ਼ ਕਿਸਾਨਾਂ ਦੀ 72 ਏਕੜ ਜ਼ਮੀਨ ’ਤੇ ਜਬਰੀ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿੱਚ ਸੌ ਤੋਂ ਵੱਧ ਪਰਿਵਾਰ ਵਾਹੀ ਕਰਦੇ ਆ ਰਹੇ ਹਨ ਅਤੇ ਜ਼ਮੀਨ ਦੇ ਰਿਕਾਰਡ ਵਿੱਚ ਵੀ ਕਾਸ਼ਤਕਾਰ ਕਿਸਾਨਾਂ ਦੀ ਕਬਜ਼ਾ ਕਾਸ਼ਤ ਦਰਜ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖ਼ਲ ਕਰਨ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ ਅਤੇ ਕਿਸਾਨ ਆਪਣੀ ਜ਼ਮੀਨ ਬਚਾਉਣ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ, ਜਿਸ ਲਈ ਜਥੇਬੰਦੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੀ ਹੈ। ਇਸ ਮੌਕੇ ਮੱਖਣ ਸਿੰਘ ਭੈਣੀਬਾਘਾ, ਗੁਰਜੰਟ ਸਿੰਘ ਮਘਾਣੀਆਂ, ਸੱਤਪਾਲ ਸਿੰਘ ਵਰ੍ਹੇ, ਤਾਰਾ ਚੰਦ ਬਰੇਟਾ, ਬਲਦੇਵ ਸਿੰਘ ਪਿੱਪਲੀਆਂ ਤੇ ਮਹਿੰਦਰ ਸਿੰਘ ਕੁਲਰੀਆਂ ਨੇ ਵੀ ਸੰਬੋਧਨ ਕੀਤਾ।
ਪਿੰਡ ਧੂਰਕੋਟ ਵਿੱਚ ਕਬਜ਼ਾ ਰੁਕਵਾਉਣ ਲਈ ਧਰਨਾ
ਰੂੜੇਕੇ ਕਲਾਂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪਿੰਡ ਧੂਰਕੋਟ ਵਿੱਚ ਕਬਜ਼ਾ ਰੁਕਵਾਉਣ ਲਈ ਧਰਨਾ ਲਾਇਆ। ਜਾਣਕਾਰੀ ਅਨੁਸਾਰ ਕਿਸਾਨਾਂ ਦੇ ਧਰਨੇ ਕਾਰਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਧਰਨੇ ਵਾਲੀ ਥਾਂ ’ਤੇ ਨਾ ਪੁੱਜਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਪ੍ਰਧਾਨ ਬਲੌਰ ਸਿੰਘ ਤੇ ਕ੍ਰਿਸ਼ਨ ਸਿੰਘ ਛੰਨਾ ਨੇ ਕਿਹਾ ਕਿ ਧੂਰਕੋਟ ਪਿੰਡ ਦੇ 19 ਪਰਿਵਾਰਾਂ ਨੂੰ ਮਾਨ ਸਰਕਾਰ ਉਜਾੜਨ ਜਾ ਰਹੀ ਹੈ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਰਜ਼ਾ ਕੁਰਕੀ ਰੋਕੋ ਮੁਹਿੰਮ ਤਹਿਤ ਇਨ੍ਹਾਂ ਪਰਿਵਾਰਾਂ ਦੀ ਬਾਂਹ ਫੜੀ ਗਈ ਹੈ।