ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ’ਚ ਰੈਲੀਆਂ
ਬੀਰਬਲ ਰਿਸ਼ੀ
ਸ਼ੇਰਪੁਰ, 20 ਸਤੰਬਰ
ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਕੇਂਦਰੀ ਕਮੇਟੀ ਮੈਂਬਰ ਸੁਖਦੇਵ ਭੁਪਾਲ ਨੇ ਵਾਤਾਵਰਨ ਦਾ ਨਿਘਾਰ ਤੇ ਕਿਸਾਨੀ ਸੰਕਟ ਅਤੇ ਇਸ ਦੇ ਮਨੁੱਖਤਾ ’ਤੇ ਪੈ ਰਹੇ ਮਾਰੂ ਪ੍ਰਭਾਵਾਂ ਸਬੰਧੀ ਕਿਸਾਨ ਜਾਗਰੂਕਤਾ ਮੁਹਿੰਤ ਤਹਿਤ ਬਲਾਕ ਸ਼ੇਰਪੁਰ ਦੇ ਇੱਕ ਦਰਜਨ ਪਿੰਡਾਂ ਵਿੱਚ ਕਿਸਾਨ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਗਈਆਂ। ਸ੍ਰੀ ਭੁਪਾਲ ਅਨੁਸਾਰ ਸਰਕਾਰਾਂ ਖੇਤੀ ਬਜਟ ਦਾ 50 ਫ਼ੀਸਦੀ ਕੁਦਰਤੀ ਅਤੇ ਸਹਿਕਾਰੀ ਖੇਤੀ ਲਈ ਰਾਖਵਾਂ ਰੱਖੇ, ਜੀਰੀ ਦੀ ਫ਼ਸਲ ਨੂੰ ਬੰਦ ਕਰਵਾ ਕੇ ਖੇਤੀ ਵੰਨ ਸਵੰਨਤਾ ਕੇਂਦਰਿਤ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਦੇ ਕੇ ਜੀਰੀ ਦੀ ਥਾਂ ਬਦਲਵੀਆਂ ਫ਼ਸਲਾਂ ਬੀਜਣ ਲਈ ਉਤਸ਼ਾਹਤ ਕਰੇ। ਆਗੂ ਅਨੁਸਾਰ ਪਰਿਵਾਰ ਦੀਆਂ ਲੋੜਾਂ ਮੁਤਾਬਕ ਤੁਰੰਤ ਹੀ ਕੁਦਰਤੀ ਖੇਤੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਸ਼ੇਰਪੁਰ ਨੇੜਲੇ ਪਿੰਡਾਂ ਵਿੱਚ ਖੇਤੀਬਾੜੀ ਤੇ ਕਿਸਾਨ ਫਰੰਟ ਦੇ ਸੂਬਾਈ ਮੀਤ ਪ੍ਰਧਾਨ ਮੇਲਾ ਸਿੰਘ ਕੱਟੂ, ਸ਼ਮਿੰਦਰ ਸਿੰਘ ਲੌਂਗੋਵਾਲ, ਕਾਮਰੇਡ ਹਰਗੋਬਿੰਦ ਸ਼ੇਰਪੁਰ, ਅਮਰਜੀਤ ਸਿੰਘ ਜੱਸੀ, ਬੰਤ ਸਿੰਘ ਰੰਗੀਆਂ, ਰਣਜੀਤ ਸਿੰਘ ਕਾਲ਼ਾ ਬੂਲਾ, ਬਾਬਾ ਸੁਰਿੰਦਰ ਸਿੰਘ ਹੇੜੀਕੇ, ਦਰਸ਼ਨ ਸਿੰਘ ਚਾਂਗਲੀ, ਬਲਦੇਵ ਸਿੰਘ ਘਨੌਰੀ ਖੁਰਦ ਅਤੇ ਕਰਮਿੰਦਰ ਸਿੰਘ ਲਾਲੀ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।