ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਵਿਦਿਆਰਥੀਆਂ ਵੱਲੋਂ ਰੈਲੀਆਂ
ਪੱਤਰ ਪ੍ਰੇਰਕ
ਮਾਨਸਾ, 14 ਅਗਸਤ
ਚੇਤਨ ਸਿੰਘ ਸਰਵਹਿੱਤਕਾਰੀ ਵਿਦਿਆ ਮੰਦਰ ਮਾਨਸਾ ਵਿੱਚ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਤਿਰੰਗਾ ਰੈਲੀ ਕੱਢੀ ਗਈ। ਇਹ ਤਿਰੰਗਾ ਰੈਲੀ ਸੰਸਕ੍ਰਿਤ ਕਮੰਤਰਾਲਯ ਭਾਰਤ ਸਰਕਾਰ ਦੇ ਅਧੀਨ ਘਰ-ਘਰ ਤਿਰੰਗਾ ਦੇ ਸਬੰਧ ਵਿੱਚ ਕੱਢੀ ਗਈ। ਇਸ ਵਿੱਚ ਸਕੂਲ ਦੇ ਐੱਨਐੱਸਐੱਸ ਵਾਲੰਟੀਅਰਜ਼ ਅਤੇ ਐੱਨਸੀਸੀ ਦੇ ਕੈਡਿਟ ਅਤੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੂਲ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਇਥੇ ਸ਼ਹੀਦ ਭਗਤ ਸਿੰਘ ਦੇ ਬੁੱਤ ਸਾਹਮਣੇ ਤਿਰੰਗਾ ਲਹਿਰਾਉਣ ਦੀ ਸਹੁੰ ਚੁੱਕਣ ਤੋਂ ਬਾਅਦ ਰੈਲੀ ਨੂੰ ਰਵਾਨਾ ਕੀਤਾ ਗਿਆ। ਇਹ ਰੈਲੀ ਭਗਤ ਸਿੰਘ ਚੌਕ ਤੋਂ ਹੁੰਦੇ ਹੋਏ ਬਾਰਾਂ ਹੱਟਾਂ ਚੌਕ ਤੋਂ ਜੈਨ ਸਕੂਲ ਵਾਲੀ ਗਲੀ, ਉਸ ਤੋਂ ਬਾਅਦ ਮੇਨ ਬਜ਼ਾਰ ਤੋਂ ਹੁੰਦੇ ਹੋਏ ਸਕੂਲ ਦੇ ਵਿਹੜੇ ਵਿੱਚ ਪਹੁੰਚੀ । ਇਸ ਤੋਂ ਬਾਅਦ ਸਾਰੀਆਂ ਹੀ ਜਮਾਤਾਂ ਦੇ ਵਿਦਿਆਰਥੀਆਂ ਨੇ ਇਸ ਸ਼ੁਭ ਅਵਸਰ ਨੂੰ ਬੜੇ ਹੀ ਜ਼ੋਸ਼ ਤੇ ਲਗਨ ਨਾਲ ਮਨਾਇਆ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਨੈਸ਼ਨਲ ਕਾਲਜ ਦੇ ਵਿਹੜੇ ਵਿੱਚ ਪ੍ਰਿੰਸੀਪਲ ਡਾ. ਸੰਦੀਪ ਗੋਇਲ ਦੀ ਸਰਪ੍ਰਸਤੀ ਹੇਠ ਅਤੇ ਐੱਨਐੱਸਐੱਸ ਇੰਚਾਰਜ ਡਾ. ਜੀਤ ਰਾਮ ਸ਼ਰਮਾ ਦੇ ਸਹਿਯੋਗ ਨਾਲ ‘ਹਰਿ ਘਰ ਤਿਰੰਗਾ’ ਮੁਹਿੰਮ ਅਤੇ ਵੰਡ ਯਾਦਗਾਰੀ ਦਿਵਸ ਮਨਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਵੰਡ ਦੇ ਭਿਆਨਕ ਯਾਦਗਾਰੀ ਦਿਵਸ ਤਹਿਤ ਕਰਵਾਏ ਗਏ ਭਾਸ਼ਣ ਅਤੇ ਸੈਮੀਨਾਰ ’ਚ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਗੋਇਲ ਨੇ ਬੋਲਦਿਆਂ ਕਿਹਾ ਕਿ ਵੰਡ ਦੇ ਸਮੇਂ ਲੱਖਾਂ ਲੋਕਾਂ ਨੂੰ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪਿਆ ਤੇ ਕਈਆਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ। ਇਸੇ ਸੰਦਰਭ ਵਿੱਚ ਕਰਵਾਏ ਗਏ ਐਕਸਟੈਨਸ਼ਨ ਲੈਕਚਰ ਤਹਿਤ ਐੱਨਐੱਸਐੱਸ ਇੰਚਾਰਜ ਡਾ. ਜੀਤਰਾਮ ਸ਼ਰਮਾ ਨੇ ਹਰ ਘਰ ਤਿਰੰਗਾ ਲਹਿਰਾਉਣ ਦੇ ਮੌਕੇ ਆਜ਼ਾਦੀ ਸੰਗਰਾਮ ਦੀ ਮਹੱਤਤਾ ਅਤੇ ਮਹਾਨ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਲੈਕਚਰ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਅਤੇ ਹੋਰ ਹਾਜ਼ਰੀਨ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਪੂਰਨ ਵਫ਼ਾਦਾਰੀ ਲਈ ਸਹੁੰ ਚੁਕਾਈ ਗਈ। ਅੰਤ ਵਿੱਚ ਕਾਲਜ ਦੇ ਵਾਲੰਟੀਅਰਾਂ ਅਤੇ ਐੱਨਸੀਸੀ ਕੈਡਿਟਾਂ ਨੇ ਪ੍ਰਿੰਸੀਪਲ ਡਾ. ਸੰਦੀਪ ਗੋਇਲ, ਐੱਨਐੱਸਐੱਸ ਇੰਚਾਰਜ ਡਾ. ਜੀਤਰਾਮ ਸ਼ਰਮਾ, ਐੱਨਸੀਸੀ ਇੰਚਾਰਜ ਪ੍ਰੋ. ਸ਼ੇਰ ਸਿੰਘ ਦੀ ਅਗਵਾਈ ਹੇਠ ਤਿਰੰਗਾ ਰੈਲੀ ਕੱਢੀ ਗਈ। ਇਸ ਮੌਕੇ ਡਾ. ਬਲੇਸ਼, ਡਾ. ਇੰਦਰਾ ਜਾਖੜ, ਤਬਲਾਵਾਦਕ ਕਰਮਵੀਰ ਕੌਸ਼ਿਕ ਵੀ ਹਾਜ਼ਰ ਸਨ।