ਪੰਜਾਬ ਤੇ ਯੂਟੀ ਮੁਲਾਜ਼ਮ ਸਾਂਝੇ ਫਰੰਟ ਦੇ ਸੱਦੇ ’ਤੇ ਰੈਲੀਆਂ
ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 18 ਅਗਸਤ
ਇੱਥੇ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਯੂਨੀਅਨ ਸਾਂਝਾ ਫਰੰਟ ਦੇ ਸੱਦੇ ’ਤੇ ਗੜ੍ਹਸ਼ੰਕਰ ਵਿੱਚ ਮੱਖਣ ਸਿੰਘ ਵਾਹਿਦਪੁਰੀ, ਅਮਰੀਕ ਸਿੰਘ, ਸਰੂਪ ਚੰਦ ਅਤੇ ਹਰਪਾਲ ਕੌਰ ਦੀ ਅਗਵਾਈ ’ਚ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੱਖਣ ਸਿੰਘ ਵਾਹਿਦਪੁਰੀ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੇ ਨਾਂ ’ਤੇ ਆਕਾਰ ਘਟਾਈ ਬੰਦ ਕੀਤੀ ਜਾਵੇ ਅਤੇ ਕੱਟੀਆਂ ਹੋਈਆਂ 8657 ਅਸਾਮੀਆਂ ਤੁਰੰਤ ਬਹਾਲ ਕੀਤੀਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਪੇ ਕਮਿਸ਼ਨ ਤੁਰੰਤ ਲਾਗੂ ਕੀਤਾ ਜਾਵੇ, ਡੀ ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਖਾਲੀ ਅਸਾਮੀਆਂ ਭਰੀਆਂ ਜਾਣ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਕੱਟਿਆ ਮੋਬਾਈਲ ਭੱਤਾ ਵੀ ਪੂਰਾ ਦਿੱਤਾ ਜਾਵੇ।
ਤਲਵਾੜਾ (ਦੀਪਕ ਠਾਕੁਰ): ਜਲ ਸਰੋਤ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਹਾਜ਼ਰੀ ਲਗਾਉਣ ਉਪਰੰਤ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਜਿਸਦੀ ਪ੍ਰਧਾਨਗੀ ਪੰਕਜ ਸੋਨੀ ਵੱਲੋਂ ਕੀਤੀ ਗਈ। ਇਸ ਮੌਕੇ ਪਸਸਫ਼ ਬਲਾਕ ਪ੍ਰਧਾਨ ਰਾਜੀਵ ਸ਼ਰਮਾ ਤੇ ਜਨਰਲ ਸਕੱਤਰ ਵਰਿੰਦਰ ਵਿੱਕੀ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਤਲਵਾੜਾ ਪ੍ਰਧਾਨ ਮਨਮੋਹਨ ਸਿੰਘ ਅਤੇ ਸਕੱਤਰ ਨਿਰਮਲ ਸਿੰਘ ਬੱਧਣ ਸ਼ਾਮਲ ਹੋਏ। ਰੈਲ਼ੀ ਨੂੰ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਹਰ ਫਰੰਟ ’ਤੇ ਫ਼ੇਲ੍ਹ ਦੱਸਿਆ।
ਪਠਾਨਕੋਟ (ਐੱਨ ਪੀ ਧਵਨ): ਪੰਜਾਬ ਯੂ ਟੀ ਮੁਲਾਜ਼ਮ ਐਂਡ ਪੈਨਸ਼ਨਰਜ਼ ਜਾਇੰਟ ਫਰੰਟ ਵੱਲੋਂ ਜ਼ਿਲ੍ਹਾ ਕਨਵੀਨਰ ਗੁਰਨਾਮ ਸਿੰਘ ਸੈਣੀ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਜਨਰਲ ਸਕੱਤਰ ਵਿਸ਼ਾਲ ਵੀਰ ਸਿੰਘ, ਰਣਬੀਰ ਸਿੰਘ, ਪੀਐਸਐਸਐਫ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਧੀਮਾਨ ਅਤੇ ਪੈਨਸ਼ਨਰਜ਼ ਫਰੰਟ ਦੇ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਰੋਸ ਰੈਲੀ ਵੀ ਕੱਢੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ 19 ਤੋਂ 21 ਅਗਸਤ ਨੂੰ ਪੰਜਾਬ ਵਿੱਚ ਛੁੱਟੀ ਲੈ ਕੇ ਹੜਤਾਲ ਕੀਤੀ ਜਾਵੇਗੀ।