ਬਿਜਲੀ ਸੋਧ ਬਿੱਲ ਤੇ ਨਿੱਜੀਕਰਨ ਵਿਰੁੱਧ ਰੈਲੀਆਂ
ਰਵੇਲ ਸਿੰਘ ਭਿੰਡਰ
ਪਟਿਆਲਾ, 18 ਅਗਸਤ
ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸੱਦੇ ਅਤੇ ਜੁਆਇੰਟ ਫੋਰਮ ਦੇ ਫ਼ੈਸਲੇ ਅਨੁਸਾਰ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਦੇ ਸਮੁੱਚੇ ਬਿਜਲੀ ਉਪ ਮੰਡਲ ਤੇ ਮੰਡਲ ਦਫ਼ਤਰਾਂ ਅੱਗੇ ਕਾਲੇ ਬਿੱਲੇ ਲਗਾ ਕੇ ਰੋਸ ਰੈਲੀਆਂ ਕੀਤੀਆਂ।
ਜੁਆਇੰਟ ਫੋਰਮ ਦੇ ਆਗੂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ, ਬ੍ਰਿਜ ਲਾਲ, ਹਰਪਾਲ ਸਿੰਘ, ਕੌਰ ਸਿੰਘ ਸੋਹੀ, ਪ੍ਰੀਤਮ ਸਿੰਘ ਭਿੰਡੀ, ਅਸ਼ੋਕ ਕੁਮਾਰ ਸ਼ਰਮਾ ਆਦਿ ਨੇ ਵੱਖ-ਵੱਖ ਥਾਵਾਂ ’ਤੇ ਹੋਈਆਂ ਰੋਸ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਬਿਜਲੀ ਨਿਗਮ ਦੀਆਂ ਮੈਨੇਜਮੈਂਟਾਂ ਦੀਆਂ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ। ਆਗੂਆਂ ਨੇ ‘ਬਿਜਲੀ ਸੋਧ ਬਿੱਲ 2020’ ਵਾਪਸ ਲੈਣ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ’ਤੇ ਏਰੀਅਰ ਦੇਣ ਦੀ ਮੰਗ ਕੀਤੀ। ਉਨ੍ਹਾਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਅਤੇ ਉਸ ਦੀ ਕੀਮਤੀ ਜਾਇਦਾਦ ਵੇਚਣ, ਰੋਪੜ ਅਤੇ ਲਹਿਰਾ ਥਰਮਲ ਪਲਾਂਟ ਬੰਦ ਕਰਨ ਦੀ ਤਜਵੀਜ਼, ਮੋਬਾਈਲ ਭੱਤੇ ਵਿਚ ਕੀਤੀ ਕਟੌਤੀ ਅਤੇ ਪ੍ਰੋਫੈਸ਼ਨਲ ਟੈਕਸ ਅਤੇ ਆਹਲੂਵਾਲੀਆ ਕਮੇਟੀ ਦੀ ਪ੍ਰਸਤਾਵਿਤ ਵਿੱਤੀ ਕਟੌਤੀਆਂ ਸਬੰਧੀ ਰਿਪੋਰਟ ਵਿਰੁੱਧ ਕਾਲੇ ਬਿੱਲੇ ਲਾ ਕੇ ਰੈਲੀਆਂ ਕੀਤੀਆਂ ਅਤੇ ਕੌਮੀ ਊਰਜਾ ਦਿਵਸ ਮਨਾਇਆ।
ਕਰਮਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਜੁਆਇੰਟ ਫੋਰਮ ਨੇ ਹੰਗਾਮੀ ਮੀਟਿੰਗ ਕਰ ਕੇ ਇਨ੍ਹਾਂ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਦਾ ਫ਼ੈਸਲਾ ਲਿਆ ਹੈ। ਆਗੂਆਂ ਨੇ ਕਿਹਾ ਕਿ ਊਹ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾ ਕੇ ਰਹਿਣਗੇ।