ਰਕੁਲਪ੍ਰੀਤ ਨੇ ਬੌਲੀਵੁੱਡ ’ਚ ਕਰੀਅਰ ਦਾ ਦਹਾਕਾ ਪੂਰਾ ਕੀਤਾ
ਮੁੰਬਈ: ਹਿੰਦੀ ਫ਼ਿਲਮ ‘ਯਾਰੀਆਂ’ ਰਾਹੀਂ 2014 ਵਿੱਚ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਬੌਲੀਵੁੱਡ ’ਚ ਆਪਣੇ ਦਸ ਸਾਲਾਂ ਦੇ ਸਫਰ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਅੱਜ ਜਿਸ ਮੁਕਾਮ ’ਤੇ ਹੈ, ਉੱਥੇ ਪਹੁੰਚਣ ਲਈ ਉਸ ਨੂੰ ਸਖ਼ਤ ਮਿਹਨਤ ਤੇ ਦ੍ਰਿੜ ਨਿਸ਼ਚੇ ਦੀ ਲੋੜ ਪਈ। ਉਸ ਨੇ ਕੰਨੜ ਫ਼ਿਲਮ ‘ਗਿੱਲੀ’ ਰਾਹੀਂ 2009 ਵਿੱਚ ਅਦਾਕਾਰੀ ਦੀ ਸ਼ੁਰੂਆਤ ਕਰਨ ਮਗਰੋਂ ‘ਕੇਰਾਤਮ’, ‘ਯੁਵਾਨ’, ‘ਪੁਥਾਗਮ’ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਫਿਰ ਹਿਮਾਂਸ਼ ਕੋਹਲੀ ਨਾਲ ਹਿੰਦੀ ਫ਼ਿਲਮ ‘ਯਾਰੀਆਂ’ ਰਾਹੀਂ ਬੌਲੀਵੁੱਡ ’ਚ ਸ਼ੁਰੂਆਤ ਕੀਤੀ। ਦਿਵਿਆ ਖੋਸਲਾ ਕੁਮਾਰ ਵੱਲੋਂ ਨਿਰਦੇਸ਼ਤ ਫ਼ਿਲਮ ‘ਯਾਰੀਆਂ’ ਵਿੱਚ ਉਸ ਨੇ ਸਲੋਨੀ ਦੀ ਭੂਮਿਕਾ ਨਿਭਾਈ ਸੀ। ਫ਼ਿਲਮ ਦੇ ਰਿਲੀਜ਼ ਨੂੰ ਦਸ ਸਾਲ ਪੂੁਰੇ ਹੋਣ ’ਤੇ ਰਕੁਲਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ‘ਯਾਰੀਆਂ’ ਫ਼ਿਲਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਦੇ ਨਾਲ ਉਸ ਨੇ ਲਿਖਿਆ, ‘‘ਦਸ ਸਾਲ ਪਹਿਲਾਂ ਜਦੋਂ ਮੈਂ ਬੌਲੀਵੁੱਡ ’ਚ ਪਹਿਲਾ ਕਦਮ ਰੱਖਿਆ ਸੀ ਉਦੋਂ ਮੈਂ ਮੁਟਿਆਰ ਸੀ ਜਿਸ ਦੇ ਵੱਡੇ-ਵੱਡੇ ਸੁਫ਼ਨੇ ਸਨ। ਅੱਜ ਮੈਂ ਜਿੱਥੇ ਹਾਂ ਉੱਥੇ ਪਹੁੰਚਣ ਲਈ ਮੈਨੂੰ ਇੱਕ ਦਹਾਕੇ ਦੀ ਸਖ਼ਤ ਮਿਹਨਤ ਤੇ ਦ੍ਰਿੜਤਾ ਦੀ ਲੋੜ ਪਈ।’’ ਅਦਾਕਾਰਾ ਨੇ ਕਿਹਾ, ‘‘ਹਾਲੇ ਵੀ ਹਾਸਲ ਕਰਨ ਲਈ ਬਹੁਤ ਕੁਝ ਹੈ। ਹੁਣ ਤੱਕ ਕੀਤੇ ਆਪਣੇ ਕੰਮ ਤੋਂ ਮੈਂ ਖੁਸ਼ ਹਾਂ।’’ ਰਕੁਲਪ੍ਰੀਤ ਨੇ ਇਸ ਮੁਕਾਮ ’ਤੇ ਪਹੁੰਚਣ ’ਚ ਮਦਦ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ। -ਆਈਏਐੱਨਐੱਸ