ਕਿਸਾਨ ਜਥੇਬੰਦੀਆਂ ਵੱਲੋਂ ਰੱਖੜਾ ਦੇ ਦਫ਼ਤਰ ਦਾ ਘਿਰਾਓ 27 ਨੂੰ
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜੁਲਾਈ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸ, ਬਿਜਲੀ ਐਕਟ 2020 ਸਮੇਤ ਕਿਸਾਨਾਂ ਦੀਆਂ ਹੋਰ ਵਿਰੋਧੀ ਕਾਰਵਾਈਆਂ ਤੋਂ ਜਾਣੂ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਬਲਾਕ ਟੀਮਾਂ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ, ਨੁੱਕੜ ਮੀਟਿੰਗਾਂ ਅਤੇ ਪ੍ਰਦਰਸ਼ਨ ਕਰ ਰਹੀਆਂ ਹਨ। ਵੀਹ ਜੁਲਾਈ ਤੋਂ ਸ਼ੁਰੂ ਹੋਏ ਇਹ ਪ੍ਰਦਰਸ਼ਨ 26 ਤੱਕ ਜਾਰ ਰਹਿਣਗੇ। ਜਿਸ ਮਗਰੋਂ 27 ਜੁਲਾਈ ਨੂੰ ਅਕਾਲੀ ਤੇ ਭਾਜਪਾ ਦੇ ਪ੍ਰਮੁੱਖ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਤੱਕ ਟਰੈਕਟਰ ਮਾਰਚ ਕੀਤੇ ਜਾਣਗੇ। ਜਿਸ ਦੌਰਾਨ ਹੀ ਪਟਿਆਲਾ ਵਿਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਤੱਕ ਟਰੈਕਟਰ ਮਾਰਚ ਕੀਤਾ ਜਾਵੇਗਾ। ਇਹ ਜਾਣਕਾਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਅੱਜ ਨੇੜਲੇ ਪਿੰਡਾਂ ਉੱਚਾਗਾਓ ਇੰਦਰਪੁਰਾ ਤੇ ਝਿੱਲ ਪਿੰਡਾਂ ਵਿੱਚ ਕਿਸਾਨ ਇਕਾਈਆਂ ਨੂੰ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਲਈ ਕੀਤੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਬੁਲਾਰਿਆਂ ਦਾ ਕਹਿਣਾ ਸੀ ਕਿ ਕੇਂਦਰ ਵੱਲੋਂ ਜੋ ਆਰਡੀਨੈਂਸ ਪਾਸ ਕੀਤੇ ਗਏ ਹਨ, ਉਹ ਸਿੱਧੇ ਖੇਤੀ ਬਿਜਲੀ ਤੇ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਹੈ। ਫੈਡਰਲ ਢਾਂਚੇ ਦਾ ਖਾਤਮਾ ਭਿੰਨਤਾ ਵਾਲੇ ਦੇਸ਼ ਦੇ ਅੱਡਰੇ ਅਧਿਕਾਰਾਂ ਦਾ ਕੇਂਦਰੀ ਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਹੱਕਾਂ ਦੀ ਖਾਤਰ ਆਵਾਜ਼ ਉਠਾਉਣ ਵਾਲ਼ਿਆਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਗੱਫ਼ੇ ਵੰਡੇ ਜਾ ਰਹੇ ਹਨ। ਇਸੇ ਤਰ੍ਹਾਂ ਤਾਜ਼ਾ ਫੈਸਲੇ ਅਨੁਸਾਰ ਇੱਕ ਲੱਖ ਕਰੋੜ ਦੀ ਪਬਲਿਕ ਸੰਪਤੀ ਵੇਚਣ ਦਾ ਫੈਸਲਾ ਕਰ ਲਿਆ ਹੈ। ਦੇਸ਼ ਭਰ ਵਿੱਚ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਦੇ ਰਾਹ ਤੁਰ ਪਈਆਂ ਹਨ ਪੰਜਾਬ ਦੀਆਂ 13 ਕਿਸਾਨ ਜਥੇਬੰਦੀਆਂ ਖੇਤੀ ਤੇ ਕੀਤੇ ਹਮਲੇ ਵਿਰੁੱਧ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਸ ਮੌਕੇ ਯੂਨੀਅਲ ਦੇ ਜਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਬਲਾਕ—2 ਦੇ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ, ਬਲਾਕ ਮੀਤ ਪ੍ਰਧਾਨ ਸ਼ੇਰ ਸਿੰਘ ਸਿੱਧੂਵਾਲ, ਨੇਕ ਸਿੰਘ ਸਿੱਧੂਵਾਲ, ਸਮੇਤ ਉੱਚਾਗਾਓ ਪਿੰਡ ਦੇ ਪ੍ਰਧਾਨ ਕੌਰ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਪਿੰਡ ਇੰਦਰਪੁਰਾ ਦੇ ਇਕਾਈ ਪ੍ਰਧਾਨ ਗੁਰਜੰਟ ਸਿੰਘ, ਜਨਰਲ ਸਕੱਤਰ ਸ਼ਿੰਦਰ ਸਿੰਘ, ਪਿੰਡ ਝਿੱਲ ਇਕਾਈ ਦੇ ਪ੍ਰਧਾਨ ਜੀਤ ਸਿੰਘ, ਜਨਰਲ ਸਕੱਤਰ ਹਰਦਿਆਲ ਸਿੰਘ ਆਦਿ ਸ਼ਾਮਿਲ ਸਨ।