ਵੱਖ ਵੱਖ ਥਾਈਂ ਮਨਾਇਆ ਰੱਖੜੀ ਦਾ ਤਿਉਹਾਰ
ਪੱਤਰ ਪ੍ਰੇਰਕ
ਮਾਨਸਾ, 19 ਅਗਸਤ
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ (ਮਾਨਸਾ) ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਸਕੂਲ ਦੀਆਂ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਅਤੇ ਮਾਲੀਆਂ ਨੂੰ ਰੱਖੜੀ ਬੰਨ੍ਹੀ। ਇਸ ਮੌਕੇ ਵਿਦਿਆਰਥੀਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥਣਾਂ ਨੇ ਪ੍ਰਧਾਨ ਸਾਹਿਤ ਅਕਾਦਮੀ ਚੰਡੀਗੜ੍ਹ ਡਾ. ਸਰਬਜੀਤ ਕੌਰ ਸੋਹਲ, ਡਾ. ਰਾਜਿੰਦਰ ਸਿੰਘ ਸੋਹਲ ਅਤੇ ਪ੍ਰਿੰਸੀਪਲ ਯੋਗਿਤਾ ਭਾਟੀਆ ਨੂੰ ਵੀ ਰੱਖੜੀ ਬੰਨ੍ਹੀ। ਡਾ. ਸਰਬਜੀਤ ਕੌਰ ਸੋਹਲ ਨੇ ਦੱਸਿਆ ਕਿ ਰੱਖੜੀ ਭਾਰਤ ਦਾ ਪ੍ਰਸਿੱਧ ਅਤੇ ਪ੍ਰਾਚੀਨ ਤਿਉਹਾਰ ਹੈ। ਇਹ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਕੰਮ ਕਰਨ ਵਾਲੇ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਹਨ, ਜਿਸ ਲਈ ਸਾਰਿਆਂ ਨੂੰ ਸਭ ਦੀ ਕਦਰ ਕਰਨੀ ਚਾਹੀਦੀ ਹੈ।
ਸ਼ਹਿਣਾ (ਪੱਤਰ ਪ੍ਰੇਰਕ):
ਕਸਬਾ ਸ਼ਹਿਣਾ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਭੈਣਾਂ ਨੇ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਰੱਖੜੀ ਮੌਕੇ ਬਾਜ਼ਾਰਾਂ ਵਿੱਚ ਕਾਫ਼ੀ ਰੌਣਕ ਰਹੀ। ਹਲਵਾਈਆਂ ਦੀਆਂ ਦੁਕਾਨਾਂ ’ਤੇ ਭੀੜ ਦੇਖਣ ਨੂੰ ਮਿਲੀ। ਇਸ ਮੌਕੇ ਲਾਗਲੇ ਪਿੰਡ ਉਗੋਕੇ, ਸੁਖਪੁਰਾ, ਬੱਲੋਕੇ, ਮੌੜ, ਭਗਤਪੁਰਾ ਆਦਿ ਵੀ ਰੱਖੜੀ ਦਾ ਤਿਉਹਾਰ ਮਨਾਇਆ ਗਿਆ।
ਚਾਉਕੇ (ਪੱਤਰ ਪ੍ਰੇਰਕ): ਰੱਖੜੀ ਦੇ ਤਿਉਹਾਰ ’ਤੇ ਭੈਣਾਂ ਵੱਲੋਂ ਭਰਾ ਨੂੰ ਫਲਦਾਰ ਦੇ ਕੇ ਨਵੀਂ ਪਿਰਤ ਦੀ ਸ਼ੁਰੂਆਤ ਕੀਤੀ ਗਈ। ਰਿੰਪੀ ਕੌਰ, ਅਮਨਦੀਪ ਕੌਰ ਤੇ ਖੁਸ਼ਿਵੰਦਰ ਕੌਰ ਨੇ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਅਜਿਹੇ ਤਿਉਹਾਰਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਹਰ ਤਿਉਹਾਰ ’ਤੇ ਸਾਨੂੂੰ ਪਹਿਲਕਦਮੀ ਕਰਦਿਆਂ ਵਾਤਾਵਰਨ ਦੀ ਸ਼ੁੱਧਤਾ ਲਈ ਤੋਹਫ਼ੇ ਦੇ ਰੂਪ ਵਿਚ ਬੂਟੇ ਦੇਣੇ ਚਾਹੀਦੇ ਹਨ। ਤਿੰਨਾਂ ਭੈਣਾਂ ਨੇ ਆਪਣੇ ਭਰਾ ਹਰਜਸ ਸਿੰਘ ਝੰਡੂਕੇ ਨੂੰ ਫਲਦਾਰ ਬੂਟੇ ਦਿੱਤੇ।
ਸਫ਼ਾਈ ਮੁਲਾਜ਼ਮਾਂ ਨੇ ਡੀਸੀ ਨੂੰ ਰੱਖੜੀ ਬੰਨ੍ਹੀ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ):
ਡੀਸੀ ਰਾਜੇਸ਼ ਤ੍ਰਿਪਾਠੀ ਨੇ ਆਪਣੇ ਦਫ਼ਤਰ ਵਿੱਚ ਕੰਮ ਕਰਨ ਵਾਲੀਆਂ ਸਫ਼ਾਈ ਮੁਲਾਜ਼ਮਾਂ ਤੋਂ ਰੱਖੜੀ ਬੰਨ੍ਹਵਾਹੀ ਹੈ। ਇਸ ਮੌਕੇ ਉਨ੍ਹਾਂ ਰੱਖੜੀ ਬੰਨ੍ਹਣ ਵਾਲੀਆਂ ਮੁਲਾਜ਼ਮਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਧੰਨਵਾਦ ਕੀਤਾ। ਡੀਸੀ ਵੱਲੋਂ ਮਿਲੇ ਇਸ ਮਾਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਲਈ ਖ਼ੁਸ਼ੀ ਦਾ ਸਭ ਤੋਂ ਵੱਡਾ ਮੌਕਾ ਸੀ।
ਬਠਿੰਡਾ ਤੇ ਮਾਨਾਸ ਜੇਲ੍ਹਾਂ ’ਚ ਹਜ਼ਾਰ ਤੋਂ ਵੱਧ ਭੈਣਾਂ ਨੇ ਵੀਰਾਂ ਨੂੰ ਰੱਖੜੀਆਂ ਬੰਨ੍ਹੀਆਂ
ਬਠਿੰਡਾ (ਪੱਤਰ ਪ੍ਰੇਰਕ):
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਨੇ ਜੇਲ੍ਹ ’ਚ ਬੰਦ ਆਪਣੇ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀ। ਇਸ ਮੌਕੇ ਕਈ ਭੈਣਾਂ ਭਾਵੁਕ ਵੀ ਹੋ ਗਈਆਂ। ਗ਼ੌਰਤਲਬ ਹੈ ਪੰਜਾਬ ਦੀ ਇਸ ਉੱਚ ਸੁਰੱਖਿਆ ਜੇਲ੍ਹ ਵਿੱਚ ਦੋ ਗੈਂਗਸਟਰ ਬੰਦ ਹਨ। ਇਸ ਮੌਕੇ ਭੈਣਾਂ ਨੇ ਆਪਣੇ ਵੀਰਾਂ ਤੋਂ ਵਾਅਦਾ ਲਿਆ ਉਹ ਚੰਗੇ ਇਨਸਾਨ ਬਣਨਗੇ। ਇਸ ਮੌਕੇ ਡਿਊਟੀ ਅਫ਼ਸਰ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਅੱਜ ਜੇਲ੍ਹ ਪ੍ਰਸ਼ਾਸਨ ਵੱਲੋਂ ਫੋਟੋਗ੍ਰਾਫੀ ਦੀ ਮਨਾਹੀ ਕੀਤੀ ਗਈ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਡਾ. ਅਜੀਤ ਪਾਲ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਕੈਦੀਆਂ ਦੇ ਮੁੜ-ਵਸੇਬੇ ਲਈ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ।
ਝੁਨੀਰ (ਨਿੱਜੀ ਪੱਤਰ ਪੇਰਕ): ਰੱਖੜੀ ਦੇ ਤਿਉਹਾਰ ਮੌਕੇ ਮਾਨਸਾ ਜ਼ਿਲ੍ਹਾ ਜੇਲ੍ਹ ਵਿੱਚ ਅੱਜ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਵਿਸ਼ੇਸ਼ ਪ੍ਰਬੰਧਾਂ ਸਦਕਾ ਭੈਣਾਂ ਨੇ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹੀ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਕੈਦੀਆਂ ਲਈ ਰੱਖੜੀ ਮੌਕੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਲਈ ਪ੍ਰਬੰਧ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਸਜਾਈ ਗਈ ਹੈ। ਇਸ ਦੌਰਾਨ ਅਤੇ ਜੇਲ੍ਹ ਦੇ ਬਾਹਰ ਵੀ ਪ੍ਰਬੰਧ ਕੀਤਾ ਗਿਆ ਸੀ ਤਾਂ ਕਿ ਰੱਖੜੀ ਬੰਨ੍ਹਣ ਆਈਆਂ ਭੈਣਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਦੌਰਾਨ ਰੱਖੜੀ ਬੰਨ੍ਹਣ ਆਈਆਂ ਭੈਣਾਂ ਨੇ ਜੇਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ।