ਵੈਂਡਰਾਂ ਦੀ ਹਮਾਇਤ ’ਚ ਨਿੱਤਰੇ ਰਾਕੇਸ਼ ਟਿਕੈਤ
ਮੁਕੇਸ਼ ਕੁਮਾਰ
ਚੰਡੀਗੜ੍ਹ, 20 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦਫ਼ਤਰ ਦੇ ਬਾਹਰ ਪਿਛਲੇ ਲਗਪਗ ਇੱਕ ਹਫਤੇ ਤੋਂ ਕੀਤੇ ਜਾ ਰਹੇ ਰੇਹੜੀ ਫੜ੍ਹੀ ਯੂਨੀਅਨ ਦੇ ਪ੍ਰਦਰਸ਼ਨ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਹਮਾਇਤ ਮਿਲੀ। ਇਥੇ ਜਾਰੀ ਰੋਸ਼ ਪ੍ਰਦਰਸ਼ਨ ਦੀ ਹਮਾਇਤ ਵਿੱਚ ਪੁਜੇ ਰਾਕੇਸ਼ ਟਿਕੈਤ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਆਪਣੇ ਰਜਿਸਟਰਡ ਵੈਂਡਰਾਂ ਨਾਲ ਧੱਕਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਂਡਰ ਐਕਟ ਅਧੀਨ ਰਜਿਸਟਰਡ ਵੈਂਡਰਾਂ ਨੂੰ ਮੌਜੂਦਾ ਥਾਂ ਤੋਂ ਕਈ ਕਿਲੋਮੀਟਰ ਦੂਰ ਵੈਂਡਰ ਜ਼ੋਨ ਵਿੱਚ ਥਾਂ ਦਿੱਤੀ ਗਈ ਹੈ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਵੈਂਡਰਾਂ ਨੂੰ ਮਾਨੁਦਾ ਇਲਾਕੇ ਵਿੱਚ ਹੀ ਬਣੇ ਵੈਂਡਰ ਜ਼ੋਨ ਵਿੱਚ ਥਾਂ ਦਿੱਤੀ ਜਾਵੇ।
ਰਾਕੇਸ਼ ਟਿਕੈਤ ਨੇ ਆਖਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੈਂਡਰਾਂ ਖ਼ਿਲਾਫ਼ ਚੁੱਕੇ ਗਏ ਕਦਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਂਡਰਾਂ ਛੋਟੇ ਮੋਟੇ ਕੰਮ ਕਰਕੇ ਰੋਜ਼ੀ ਰੋਟੀ ਕਮਾ ਰਹੇ ਹਨ। ਟਿਕੈਤ ਮੁਤਾਬਕ ਇਥੇ ਵੈਂਡਰਾਂ ਧਰਨਾ 8 ਦਨਿਾਂ ਤੋਂ ਚੱਲ ਰਿਹਾ ਹੈ ਪਰ ਨਗਰ ਨਿਗਮ ਦੇ ਅਧਿਕਾਰੀ ਇਨ੍ਹਾਂ ਦੀਆਂ ਮੰਗਾਂ ਤੋਂ ਅੱਖਾਂ ਫੇਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੈਂਡਰਾਂ ਦੀ ਇਸ ਲੜਾਈ ਨੂੰ ਲੈ ਕੇ ਕਿਸਾਨ ਉਨ੍ਹਾਂ ਦੇ ਨਾਲ ਹੈ। ਕਿਸਾਨ ਹਮੇਸ਼ਾ ਮਜ਼ਦੂਰ ਭਰਾਵਾਂ ਦੇ ਨਾਲ ਰਿਹਾ ਹੈ ਅਤੇ ਵੈਂਡਰ ਵੀ ਇੱਕ ਤਰ੍ਹਾਂ ਨਾਲ ਮਜ਼ਦੂਰ ਹਨ ਜੋ ਰੋਜ਼ੀ-ਰੋਟੀ ਕਮਾਉਣ ਲਈ ਦੂਰ ਦੁਰਾਡੇ ਤੋਂ ਇੱਥੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੈਂਡਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਵੈਂਡਰਾਂ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਇਸ ਦਾ ਕੋਈ ਢੁਕਵਾਂ ਹੱਲ ਕੱਢਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਨ ਲਈ ਕਿਸਾਨ ਆਗੂ ਬਾਬਾ ਦਿਆਲ ਆਪਣੀ ਟੀਮ ਨਾਲ ਪੁੱਜੇ ਅਤੇ ਵੈਂਡਰਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਸਰਕਾਰ ਨੇ ਜਲਦ ਕੋਈ ਹੱਲ ਨਾ ਕੱਢਿਆ ਤਾਂ ਹਜ਼ਾਰਾਂ ਕਿਸਾਨ ਯੂਨੀਅਨ ਵੈਂਡਰਾਂ ਦੇ ਸਮਰਥਨ ‘ਚ ਉਤਰੇਗੀ। ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਟਰੀਟ ਵੈਂਡਰਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਗਮ ਵਲੋਂ ਗੈਰਕਾਨੂੰਨੀ ਵੈਂਡਰਾਂ ਸਮੇਤ ਅਜਿਹੇ ਰਜਿਸਟਰਡ ਵੈਂਡਰਾਂ ’ਤੇ ਵੀ ਕਾਰਵਾਈ ਕਰਨ ਦੀ ਤਿਆਰੀ ਹੈ ਜੋ ਰਜਿਸਟਰਡ ਵੈਂਡਰ ਆਪਣੇ ਨਿਰਧਾਰਿਤ ਵੈਂਡਰ ਜ਼ੋਨ ਦੀ ਥਾਂ ਪੁਰਾਣੀਆਂ ਥਾਵਾਂ ’ਤੇ ਹੀ ਕਬਜ਼ਾ ਜਮਾ ਕੇ ਬੈਠੇ ਹਨ।
ਟਿਕੈਤ ਵੱਲੋਂ ਹੜ੍ਹ ਮਾਰੇ ਪਿੰਡਾਂ ਦਾ ਦੌਰਾ
ਲਾਲੜੂ (ਸਰਬਜੀਤ ਸਿੰਘ ਭੱਟੀ): ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਅੱਜ ਲਾਲੜੂ ਦੇ ਨੇੜਲੇ ਪਿੰਡ ਖਜੂਰ ਮੰਡੀ, ਸਾਧਾਂਪੁਰ, ਟਿਵਾਣਾ, ਆਲਮਗੀਰ ਦਾ ਦੌਰਾ ਕੀਤਾ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਟਿਕੈਤ ਅਤੇ ਕਿਸਾਨ ਯੂਨੀਅਨ ਦੇ ਮੈਬਰਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨਾਂ ਕਿਹਾ ਕਿ ਕਿਸਾਨਾਂ ਦਾ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਆਗੂਆਂ ਨੂੰ ਸਥਾਨਕ ਲੋਕਾਂ ਤੇ ਕਿਸਾਨਾਂ ਨੇ ਦੱਸਿਆ ਕਿ ਕਈ ਦਨਿ ਹੋ ਗਏ ਹਨ ਪਰ ਪ੍ਰਸ਼ਾਸ਼ਨ ਜਾਂ ਸਰਕਾਰ ਵੱਲੋਂ ਉਨਾਂ ਦੀ ਕੋਈ ਸਾਰ ਨਹੀਂ ਲਈ ਗਈ। ਆਗੂਆਂ ਨੇ ਅਪੀਲ ਕੀਤੀ ਕਿ ਸਰਕਾਰ ਲੋਕਾਂ ਦੇ ਘਰਾਂ ਅਤੇ ਜ਼ਮੀਨਾਂ ਦੇ ਹੋਏ ਨੁਕਸਾਨ ਵੱਲ ਧਿਆਨ ਦੇਵੇ ਨਹੀਂ ਤਾਂ ਕਿਸਾਨ ਯੂਨੀਅਨ ਸੰਘਰਸ਼ ਕਰੇਗੀ।