For the best experience, open
https://m.punjabitribuneonline.com
on your mobile browser.
Advertisement

ਰਾਜ ਸਭਾ ਮੈਂਬਰ: ਭੱਤੇ ਲੈਣ ’ਚ ਕੋਈ ਅਰਸ਼ ਤੇ ਕੋਈ ਫ਼ਰਸ਼ ’ਤੇ..!

07:54 AM Nov 22, 2024 IST
ਰਾਜ ਸਭਾ ਮੈਂਬਰ  ਭੱਤੇ ਲੈਣ ’ਚ ਕੋਈ ਅਰਸ਼ ਤੇ ਕੋਈ ਫ਼ਰਸ਼ ’ਤੇ
ਰਾਘਵ ਚੱਢਾ, ਹਰਭਜਨ ਸਿੰਘ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 21 ਨਵੰਬਰ
ਪੰਜਾਬ ਦੇ ਰਾਜ ਸਭਾ ਮੈਂਬਰਾਂ ਦਾ ਆਲਮ ਨਿਰਾਲਾ ਹੈ ਕਿਉਂਕਿ ਕਿਸੇ ਸੰਸਦ ਮੈਂਬਰ ਦੀ ਭੱਤੇ ਲੈਣ ’ਚ ਝੰਡੀ ਹੈ ਜਦੋਂ ਕਿ ਇੱਕਾ-ਦੁੱਕਾ ਮੈਂਬਰ ਭੱਤਿਆਂ ਵੱਲ ਝਾਕ ਵੀ ਨਹੀਂ ਰਹੇ ਹਨ। ਪੰਜਾਬ ’ਚੋਂ ਰਾਜ ਸਭਾ ’ਚ ਸੱਤ ਮੈਂਬਰ ਹਨ।
ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਨੂੰ ਪ੍ਰਤੀ ਮਹੀਨਾ ਇੱਕ ਲੱਖ ਰੁਪਏ ਤਨਖ਼ਾਹ ਮਿਲਦੀ ਹੈ ਅਤੇ 70 ਹਜ਼ਾਰ ਰੁਪਏ ਹਲਕਾ ਭੱਤਾ ਮਿਲਦਾ ਹੈ। ਇਸੇ ਤਰ੍ਹਾਂ ਦਫ਼ਤਰੀ ਖ਼ਰਚੇ ਵਜੋਂ ਪ੍ਰਤੀ ਮਹੀਨਾ 20 ਹਜ਼ਾਰ ਤੇ ਐੱਮਪੀ ਨੂੰ ਪੀਏ ਦੀ ਤਨਖ਼ਾਹ ਵਜੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਟੀਏ/ਡੀਏ ਮਿਲਦਾ ਹੈ। ਮਤਲਬ ਕਿ ਹਰ ਸੰਸਦ ਮੈਂਬਰ ਨੂੰ ਪ੍ਰਤੀ ਮਹੀਨਾ 2.30 ਲੱਖ ਰੁਪਏ ਤਨਖ਼ਾਹ ਤੇ ਭੱਤੇ ਆਦਿ ਮਿਲਦੇ ਹਨ ਅਤੇ ਇਸ ਤੋਂ ਵੱਖਰਾ ਟੀਏ/ਡੀਏ ਮਿਲਦਾ ਹੈ। ਸਰਕਾਰੀ ਸੂਚਨਾ ਮੁਤਾਬਕ ਪੰਜਾਬ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਟੀਏ/ਡੀਏ ਲੈਣ ’ਚ ਸੂਬੇ ਦੇ ਬਾਕੀ ਮੈਂਬਰਾਂ ਤੋਂ ਅੱਗੇ ਹਨ ਜਿਨ੍ਹਾਂ ਨੇ ਮੈਂਬਰ ਬਣਨ ਤੋਂ ਜੁਲਾਈ 2024 ਤੱਕ 30.81 ਲੱਖ ਰੁਪਏ ਟੀਏ/ਡੀਏ ਵਜੋਂ ਹਾਸਲ ਕੀਤੇ ਹਨ। ਉਹ ਅਪਰੈਲ 2022 ’ਚ ਰਾਜ ਸਭਾ ਮੈਂਬਰ ਬਣੇ ਸਨ। ਦੇਖਿਆ ਜਾਵੇ ਤਾਂ ਉਹ ਔਸਤਨ ਪ੍ਰਤੀ ਮਹੀਨਾ 1.14 ਲੱਖ ਰੁਪਏ ਟੀਏ/ਡੀਏ ਵਜੋਂ ਵਸੂਲ ਰਹੇ ਹਨ। ਭੱਤੇ ਲੈਣ ’ਚ ਦੂਜੇ ਨੰਬਰ ’ਤੇ ਪੰਜਾਬ ਦੇ ਐੱਮਪੀ ਹਰਭਜਨ ਸਿੰਘ ਹਨ ਜੋ ਹੁਣ ਤੱਕ 20.97 ਲੱਖ ਰੁਪਏ ਟੀਏ/ਡੀਏ ਵਜੋਂ ਲੈ ਚੁੱਕੇ ਹਨ।
ਸੰਸਦ ’ਚ ਹਰਭਜਨ ਸਿੰਘ ਦੀ ਹਾਜ਼ਰੀ 57 ਫ਼ੀਸਦੀ ਹੈ ਜਦੋਂ ਕਿ ਸੰਜੀਵ ਅਰੋੜਾ ਦੀ ਸੰਸਦ ’ਚ ਹਾਜ਼ਰੀ 89 ਫ਼ੀਸਦੀ ਹੈ। ਹਾਲਾਂਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਨਿਯਮਾਂ ਅਨੁਸਾਰ ਹੀ ਭੱਤੇ ਵਸੂਲੇ ਹਨ ਪਰ ਉਨ੍ਹਾਂ ਨੇ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਟੀਏ/ਡੀਏ ਵਸੂਲ ਕੀਤਾ ਹੈ। ਤੀਸਰੇ ਨੰਬਰ ’ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਹਨ ਜਿਨ੍ਹਾਂ ਨੇ ਮੈਂਬਰ ਬਣਨ ਤੋਂ ਲੈ ਕੇ ਹੁਣ ਤੱਕ 16.58 ਲੱਖ ਰੁਪਏ ਟੀਏ/ਡੀਏ ਵਜੋਂ ਵਸੂਲ ਕੀਤੇ ਹਨ ਤੇ ਉਨ੍ਹਾਂ ਦੀ ਸੰਸਦ ਵਿਚ ਹਾਜ਼ਰੀ 85 ਫੀਸਦੀ ਬਣਦੀ ਹੈ। ਉਨ੍ਹਾਂ ਤੋਂ ਬਾਅਦ ਸੰਸਦ ਮੈਂਬਰ ਸੰਦੀਪ ਪਾਠਕ ਹਨ। ਪਾਠਕ ਨੇ ਟੀਏ/ਡੀਏ ਵਜੋਂ 12.36 ਲੱਖ ਰੁਪਏ ਪ੍ਰਾਪਤ ਕੀਤੇ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ 5.29 ਲੱਖ ਰੁਪਏ ਟੀਏ/ਡੀਏ ਲਿਆ ਹੈ। ਸੀਚੇਵਾਲ ਦੀ ਚੋਣ ਜੁਲਾਈ 2022 ’ਚ ਹੋਈ ਸੀ। ਪੰਜਾਬ ਤੋਂ ਸਾਰੇ ਰਾਜ ਸਭਾ ਮੈਂਬਰ ਹੁਣ ਤੱਕ 86.03 ਲੱਖ ਰੁਪਏ ਟੀਏ/ਡੀਏ ਵਜੋਂ ਲੈ ਚੁੱਕੇ ਹਨ। ਸੰਸਦ ਮੈਂਬਰਾਂ ਦੀ ਤਨਖ਼ਾਹ ਤੇ ਭੱਤਿਆਂ ਆਦਿ ਦਾ ਬਿੱਲ ਸਾਲਾਨਾ 27.60 ਲੱਖ ਰੁਪਏ ਵੱਖਰਾ ਬਣਦਾ ਹੈ ਜਿਸ ’ਚ ਪੀਏ ਦੀ ਤਨਖ਼ਾਹ ਵੀ ਸ਼ਾਮਲ ਹੁੰਦੀ ਹੈ।

Advertisement

ਪੰਜਾਬ ਦੇ ਰਾਜ ਸਭਾ ਮੈਂਬਰ ਸਵਾਲ ਪੁੱਛਣ ’ਚ ਵੀ ਅੱਗੇ

ਪੰਜਾਬ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ’ਚ ਸਵਾਲ ਪੁੱਛਣ ਵਿੱਚ ਅੱਗੇ ਹਨ ਜਿਨ੍ਹਾਂ ਦੀ ਦਰ ਪਹਿਲੇ ਮੈਂਬਰਾਂ ਨਾਲੋਂ ਵੱਧ ਬਣਦੀ ਹੈ। ਸੰਸਦ ਮੈਂਬਰ ਰਾਘਵ ਚੱਢਾ ਨੇ ਹੁਣ ਤੱਕ ਸੰਸਦ ’ਚ ਸਭ ਤੋਂ ਵੱਧ 183 ਸਵਾਲ ਪੁੱਛੇ ਹਨ ਜਦੋਂ ਕਿ ਅਸ਼ੋਕ ਕੁਮਾਰ ਮਿੱਤਲ ਵੱਲੋਂ 179 ਸਵਾਲ ਪੁੱਛੇ ਗਏ। ਇਸੇ ਤਰ੍ਹਾਂ ਸੰਜੀਵ ਅਰੋੜਾ ਨੇ 156, ਵਿਕਰਮਜੀਤ ਸਿੰਘ ਸਾਹਨੀ ਨੇ 141, ਸੰਦੀਪ ਪਾਠਕ ਨੇ 100 ਸਵਾਲ ਜਦੋਂ ਕਿ ਸੰਤ ਬਾਬਾ ਬਲਬੀਰ ਸਿੰਘ ਨੇ 97 ਸਵਾਲ ਕੀਤੇ ਹਨ।

Advertisement

ਵਿਕਰਮਜੀਤ ਸਾਹਨੀ ਤੇ ਮਿੱਤਲ ਨਹੀਂ ਲੈ ਰਹੇ ਟੀਏ/ਡੀਏ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਦੇ ਵੀ ਕੋਈ ਟੀਏ/ਡੀਏ ਨਹੀਂ ਲਿਆ ਹੈ। ਉਹ ਜੁਲਾਈ 2022 ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਸਨ ਜੋ ਕਿ ਤਨਖ਼ਾਹ ਤੇ ਬਾਕੀ ਭੱਤੇ ਲੈ ਰਹੇ ਹਨ ਪਰ ਟੀਏ/ਡੀਏ ਨਹੀਂ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਅੱਜ ਤੱਕ ਕਦੇ ਵੀ ਟੀਏ/ਡੀਏ ਵਸੂਲ ਨਹੀਂ ਕੀਤਾ ਹੈ। ਮਿੱਤਲ ਨੇ ਤਾਂ ਜੁਲਾਈ 2024 ਤੱਕ ਆਪਣਾ ਕੋਈ ਪੀਏ ਵੀ ਨਹੀਂ ਰੱਖਿਆ ਸੀ। ਪੀਏ ਦੀ ਤਨਖ਼ਾਹ ਦਾ ਬਿੱਲ 30,968 ਰੁਪਏ ਉਨ੍ਹਾਂ ਨੇ ਪਹਿਲੀ ਵਾਰ ਜੁਲਾਈ 2024 ’ਚ ਵਸੂਲ ਕੀਤਾ ਹੈ।

Advertisement
Author Image

sukhwinder singh

View all posts

Advertisement