For the best experience, open
https://m.punjabitribuneonline.com
on your mobile browser.
Advertisement

ਰਾਜ ਸਭਾ ਚੋਣ: ਹਿਮਾਚਲ ਦੀ ਸੁੁੱਖੂ ਸਰਕਾਰ ਨੂੰ ਝਟਕਾ

06:54 AM Feb 28, 2024 IST
ਰਾਜ ਸਭਾ ਚੋਣ  ਹਿਮਾਚਲ ਦੀ ਸੁੁੱਖੂ ਸਰਕਾਰ ਨੂੰ ਝਟਕਾ
ਭਾਜਪਾ ਉਮੀਦਵਾਰ ਹਰਸ਼ ਮਹਾਜਨ ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਨਾਲ ਖ਼ੁਸ਼ੀ ਮਨਾਉਂਦੇ ਹੋਏ। -ਫੋਟੋ: ਪੀਟੀਆਈ
Advertisement

* ਕਰਾਸ ਵੋਟਿੰਗ ਮਗਰੋਂ ਸ਼ਿਮਲਾ ਤੋਂ ਗਾਇਬ ਰਹੇ 9 ਵਿਧਾਇਕ

Advertisement

ਸ਼ਿਮਲਾ, 27 ਫਰਵਰੀ
ਹਿਮਾਚਲ ਪ੍ਰਦੇਸ਼ ਵਿਚ ਸੱਤਾਧਾਰੀ ਕਾਂਗਰਸ ਨੂੰ ਅੱਜ ਰਾਜ ਸਭਾ ਚੋਣਾਂ ਦੌਰਾਨ ਆਪਣੇ ਹੀ ਛੇ ਪਾਰਟੀ ਵਿਧਾਇਕਾਂ ਵੱਲੋਂ ਕੀਤੀ ਕਰਾਸ ਵੋਟਿੰਗ ਕਰਕੇ ਵੱਡਾ ਝਟਕਾ ਲੱਗਾ ਹੈ। ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿਚ ਵੋਟ ਪਾਈ। ਵੋਟਾਂ ਦੀ ਗਿਣਤੀ ਹੋਈ ਤਾਂ ਮਹਾਜਨ ਤੇ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਵਿਚਾਲੇ ਮੁਕਾਬਲਾ 34-34 ਵੋਟਾਂ ਨਾਲ ਡਰਾਅ ਹੋ ਗਿਆ। ਮਗਰੋਂ ਲਾਟਰੀ ਰਾਹੀਂ ਕੱਢੀ ਪਰਚੀ ਵਿਚ ਹਰਸ਼ ਮਹਾਜਨ ਨੂੰ ਜੇਤੂ ਐਲਾਨ ਦਿੱਤਾ ਗਿਆ। ਕਰਾਂਸ ਵੋਟਿੰਗ ਕਰਨ ਵਾਲੇ ਕਾਂਗਰਸ ਦੇ 6 ਵਿਧਾਇਕਾਂ ਵਿਚ ਸੁਧੀਰ ਸ਼ਰਮਾ, ਰਾਜੇਂਦਰ ਰਾਣਾ, ਇੰਦਰਦੱਤ ਲਖਨਪਾਲ, ਰਵੀ ਠਾਕੁਰ, ਚੈਤੰਨਿਆ ਸ਼ਰਮਾ ਤੇ ਦੇਵੇਂਦਰ ਭੁੱਟੋ ਸ਼ਾਮਲ ਹਨ। ਇਸ ਤੋਂ ਇਲਾਵਾ ਤਿੰਨ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ, ਕੇ.ਐੱਲ.ਠਾਕੁਰ ਤੇ ਆਸ਼ੀਸ਼ ਸ਼ਰਮਾ ਨੇ ਭਾਜਪਾ ਦੇ ਹੱਕ ਵਿਚ ਵੋਟ ਪਾਈ।
ਵੋਟ ਪਾਉਣ ਮਗਰੋਂ ਇਹ 9 ਵਿਧਾਇਕ ਸ਼ਿਮਲਾ ਤੋਂ ਗਾਇਬ ਹੋ ਗਏ ਤੇ ਪੰਚਕੂਲਾ ਪਹੁੰਚ ਗਏ। ਜਾਣਕਾਰੀ ਮੁਤਾਬਕ ਭਾਜਪਾ ਵਿਧਾਇਕ ਵਿਕਰਮ ਸਿੰਘ ਠਾਕੁਰ ਵੀ ਉਨ੍ਹਾਂ ਦੇ ਨਾਲ ਸਨ। ਸੂਤਰਾਂ ਮੁਤਾਬਕ ਇਹ ਸਾਰੇ ਵਿਧਾਇਕ ਸੀਆਰਪੀਐੱਫ ਤੇ ਹਰਿਆਣਾ ਪੁਲੀਸ ਦੀ ਸੁਰੱਖਿਆ ਵਿਚ ਹਿਮਾਚਲ ਤੋਂ ਬਾਹਰ ਨਿਕਲੇ ਤੇ ਇਸ ਪੂਰੇ ਘਟਨਾਕ੍ਰਮ ਦੀ ਸੁੱਖੂ ਸਰਕਾਰ ਨੂੰ ਖ਼ਬਰ ਤੱਕ ਨਹੀਂ ਲੱਗੀ। ਹਿਮਾਚਲ ਪ੍ਰਦੇਸ਼ ਦੀ ਇਕ ਰਾਜ ਸਭਾ ਸੀਟ ਦਾ ਚੋਣ ਨਤੀਜਾ ਸੱਤਾਧਾਰੀ ਕਾਂਗਰਸ ਲਈ ਝਟਕਾ ਹੈ। ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਰਾਜ ਸਭਾ ਚੋਣ ਦੇ ਨਤੀਜਿਆਂ ਨਾਲ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ ਕੁਝ ਹੋਰ ਵਿਧਾਇਕਾਂ ਦੇ ਟੁੱਟਣ ਨਾਲ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਘੱਟਗਿਣਤੀ ਵਿਚ ਆ ਸਕਦੀ ਹੈ। ਮੌਜੂਦਾ ਸਮੇਂ 68 ਮੈਂਬਰੀ ਹਿਮਾਚਲ ਪ੍ਰਦੇਸ਼ ਅਸੈਂਬਲੀ ਵਿਚ ਕਾਂਗਰਸ ਦੇ 40, ਭਾਜਪਾ ਦੇ 25 ਤੇ ਤਿੰਨ ਆਜ਼ਾਦ ਵਿਧਾਇਕ ਹਨ। -ਪੀਟੀਆਈ

ਪੰਜ ਤੋਂ ਛੇ ਕਾਂਗਰਸੀ ਵਿਧਾਇਕਾਂ ਨੂੰ ਭਾਜਪਾ ਨੇ ਅਗਵਾ ਕੀਤਾ: ਸੁੱਖੂ

ਰਾਜ ਸਭਾ ਚੋਣਾਂ ਵਿਚ ਹੋਈ ਕਰਾਸ ਵੋਟਿੰਗ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਾਂਗਰਸ ਦੇ 5 ਤੋ 6 ਵਿਧਾਇਕਾਂ ਨੂੰ ‘ਅਗਵਾ’ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਆਰਪੀਐੱਫ ਤੇ ਹਰਿਆਣਾ ਪੁਲੀਸ ਦਾ ਅਮਲਾ ਇਨ੍ਹਾਂ ਵਿਧਾਇਕਾਂ ਨੂੰ ਆਪਣੇ ਨਾਲ ਲੈ ਗਿਆ। ਸੁੱਖੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਜਪਾ ਗੁੰਡਾਗਰਦੀ ’ਤੇ ਉੱਤਰ ਆਈ ਹੈ, ਜੋ ਜਮਹੂਰੀਅਤ ਲਈ ਚੰਗਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵੱਲੋਂ ਵਾਰ ਵਾਰ ਕਾਊਂਟਿੰਗ ਹਾਲ ਵਿਚ ਆ ਕੇ ਪੋਲਿੰਗ ਅਧਿਕਾਰੀਆਂ ਨੂੰ ਧਮਕਾਇਆ ਗਿਆ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਕਰਾਸ ਵੋਟਿੰਗ ਕੀਤੇ ਜਾਣ ਦੀ ਸਥਿਤੀ ਵਿਚ ਉਹ ਅਸਤੀਫ਼ਾ ਦੇਣਗੇ ਤਾਂ ਸੁੱਖੂ ਨੇ ਕਿਹਾ, ‘‘ਸਾਡੇ ਕੋਲ ਪੂਰਨ ਬਹੁਮੱਤ ਹੈ....।’’ ਇਸ ਦੌਰਾਨ ਅੱਜ ਸਾਰਾ ਦਿਨ ਇਹ ਚੁੰਝ ਚਰਚਾ ਵੀ ਚਲਦੀ ਰਹੀ ਕਿ ਜੇਕਰ ਕਾਂਗਰਸੀ ਉਮੀਦਵਾਰ ਰਾਜ ਸਭਾ ਦੀ ਚੋਣ ਜਿੱਤਣ ਵਿਚ ਨਾਕਾਮ ਰਿਹਾ ਤਾਂ ਭਾਜਪਾ ਸੂਬਾਈ ਅਸੈਂਬਲੀ ਵਿਚ ਸੁੱਖੂ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆ ਸਕਦੀ ਹੈ। ਉਧਰ ਇਕ ਆਨਲਾਈਨ ਵੀਡੀਓ ਵਿਚ ਹਰਿਆਣਾ ਦੇ ਪੰਚਕੂਲਾ ਵਿਚ ਇਕ ਗੈਸਟ ਹਾਊਸ ਦੇ ਬਾਹਰ ਕਾਰਾਂ ਦਾ ਛੋਟਾ ਜਿਹਾ ਕਾਫ਼ਲਾ ਦੇਖਿਆ ਗਿਆ। ਇਸ ਕਲਿੱਪ ਵਿਚ ਧਰਮਸ਼ਾਲਾ ਤੋਂ ਕਾਂਗਰਸੀ ਵਿਧਾਇਕ ਸੁਧੀਰ ਸ਼ਰਮਾ, ਇਕ ਆਜ਼ਾਦ ਵਿਧਾਇਕ ਤੇ ਕੁਝ ਭਾਜਪਾ ਵਿਧਾਇਕ ਵੀ ਨਜ਼ਰ ਆਏ। -ਪੀਟੀਆਈ

ਮੇਰੀ ਹਾਰ ਲਈ ਭਾਜਪਾ ਦੀਆਂ ‘ਅਨੈਤਿਕ’ ਜੁਗਤਾਂ ਜ਼ਿੰਮੇਵਾਰ: ਸਿੰਘਵੀ

ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਚੋਣਾਂ ’ਚ ਹਾਰ ਮਗਰੋਂ ਅੱਜ ਕਾਂਗਰਸੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੇ ਰਾਜਨੀਤੀ ਵਿੱਚ ‘ਨਵੇਂ ਸੱਭਿਆਚਾਰ’ ਲਈ ਭਾਜਪਾ ਨੂੰ ਭੰਡਿਆ ਅਤੇ ਆਖਿਆ ਕਿ ਅਸਲ ਵਿੱਚ ਭਗਵਾ ਪਾਰਟੀ ਨੇ ਆਪਣੇ ਸਿਰਫ 25 (ਵਿਧਾਨ ਸਭਾ) ਮੈਂਬਰ ਹੋਣ ’ਤੇ ਵੀ 40 ਮੈਂਬਰਾਂ ਵਾਲੀ ਪਾਰਟੀ (ਕਾਂਗਰਸ) ਖ਼ਿਲਾਫ਼ ਆਪਣਾ ਉਮੀਦਵਾਰ ਉਤਾਰਿਆ ਜਿਸ ਤੋਂ ਸਪੱਸ਼ਟ ਹੈ ਕਿ ਉਹ ਕਿਸੇ ਵੀ ਤਰੀਕੇ ਚੋਣਾਂ ਜਿੱਤਣਾ ਚਾਹੁੰਦੀ ਸੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੰਘਵੀ ਨੇ ਕਿਹਾ ਕਿ ਜੇਕਰ ਇਹ ‘ਨਵੇਂ ਭਾਰਤ’ ਦਾ ਸੱਭਿਆਚਾਰ ਹੈ ਤਾਂ ਉਹ ਇਸ ਦੀ ਬਜਾਏ ਪੁਰਾਣੇ ਭਾਰਤ ਦਾ ਹਿੱਸਾ ਰਹਿਣਾ ਪਸੰਦ ਕਰਨਗੇ ਅਤੇ ਇਹ ਬਦਕਿਸਮਤੀ ਹੈ ਕਿ ਹਿਮਾਚਲ ਪ੍ਰਦੇਸ਼ ’ਚ ਅਜਿਹੀ ‘ਜੁਗਤ’ (ਰਣਨੀਤੀ) ਦੀ ਵਰਤੋਂ ਕੀਤੀ ਗਈ ਹੈ ਜਿੱਥੇ ਹੁਣ ਤੱਕ ਅਜਿਹੇ ਸੱਭਿਆਚਾਰ (ਕਰਾਸ ਵੋਟਿੰਗ) ਦਾ ਪਤਾ ਨਹੀਂ ਸੀ। ਸਿੰਘਵੀ ਮੁਤਾਬਕ ਹਾਲਾਂਕਿ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਉਨ੍ਹਾਂ ਦੇ ਬਰਾਬਰ 34 ਵੋਟਾਂ ਹੀ ਹਾਸਲ ਕਰ ਸਕੀ ਹੈ। ਉਨ੍ਹਾਂ ਕਿਹਾ, ‘‘ਪਰ ਇਸ ਚੋਣ ਨੇ ਮੈਨੂੰ ਇਹ ਸਿਖਾਇਆ ਹੈ ਕਿ ਕਿਵੇਂ ਲੋਕ ਰਾਤੋ-ਰਾਤ ਆਪਣੇ ਸਿਧਾਂਤ ਅਤੇ ਵਿਚਾਰਧਾਰਾ ਬਦਲ ਲੈਂਦੇ ਹਨ। ਪੀਟੀਆਈ

ਹਿਮਾਚਲ ਪ੍ਰਦੇਸ਼ ਦੀ ਰਾਜ ਸਭਾ ਚੋਣ ਨੂੰ ਚੁਣੌਤੀ ਦੇਵਾਂਗੇ: ਖੜਗੇ

ਨਵੀਂ ਦਿੱਲੀ: ਰਾਜ ਸਭਾ ਚੋਣਾਂ ਵਿਚ ਕਰਾਸ ਵੋਟਿੰਗ ਕਰਕੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਦਰਪੇਸ਼ ਖ਼ਤਰੇ ਦਰਮਿਆਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਨੂੰ ਭੰਡਦੇ ਹੋਏ ਕਿਹਾ ਕਿ ਜੇਕਰ ਕੇਂਦਰ ਦੀ ਸੱਤਾਧਾਰੀ ਪਾਰਟੀ ਇਸੇ ਤਰ੍ਹਾਂ ਚੁਣੀਆਂ ਹੋਈਆਂ ਸਰਕਾਰਾਂ ਡੇਗਦੀ ਰਹੀ ਤਾਂ ਜਮਹੂਰੀਅਤ ‘ਤਬਾਹ’ ਹੋ ਜਾਵੇਗੀ। ਖੜਗੇ ਨੇ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਵਿਚ ਹੋਈ ਰਾਜ ਸਭਾ ਦੀ ਚੋਣ ਨੂੰ ਚੁਣੌਤੀ ਦੇਣਗੇ ਕਿਉਂਕਿ ਦੋਵਾਂ ਉਮੀਦਵਾਰਾਂ ਨੂੰ 34-34 ਵੋਟਾਂ ਮਿਲੀਆਂ ਸਨ ਤੇ ਜੇਤੂ ਉਮੀਦਵਾਰ ਬਾਰੇ ਫੈਸਲਾ ਲਾਟਰੀ ਦੇ ਆਧਾਰ ’ਤੇ ਕੀਤਾ ਗਿਆ। ਉਨ੍ਹਾਂ ਕਿਹਾ, ‘‘ਜੇਕਰ ਕੇਂਦਰ ਸਰਕਾਰ ਚੁਣੀ ਹੋਈ ਸਰਕਾਰ ਨੂੰ ਤੋੜਦੀ ਹੈ ਤਾਂ ਇਹ ਕਿਹੋ ਜਿਹੀ ਜਮਹੂਰੀਅਤ ਹੈ। ਪਹਿਲਾਂ ਕਰਨਾਟਕ, ਮਨੀਪੁਰ ਤੇ ਗੋਆ ਵਿਚ ਵੀ ਇਹੋ ਕੁਝ ਹੋਇਆ ਹੈ। ਜਦੋਂ ਉਹ ਚੁਣੇ ਨਹੀਂ ਜਾਂਦੇ, ਜੋੜ ਤੋੜ ਕਰਦੇ ਹਨ...ਡਰਾਉਂਦੇ ਧਮਕਾਉਂਦੇ ਨੇ ਤੇ ਸਰਕਾਰ ਤੋੜ ਦਿੰਦੇ ਹਨ। ਕੀ ਇਹੀ ਜਮਹੂਰੀਅਤ ਹੈ?’’ ਖੜਗੇ ਨੇ ਇਕ ਟੀਵੀ ਚੈਨਲ ਵੱਲੋਂ ਕਰਵਾਏ ਸੰਮੇਲਨ ਦੌਰਾਨ ਕਿਹਾ, ‘‘ਉਹ ਇਹ ਕਿਉਂ ਕਰਦੇ ਹਨ, ਮੈਂ ਅਜੇ ਤੱਕ ਸਮਝ ਨਹੀਂ ਸਕਿਆ। ਜੇਕਰ ਉਹ ਇੰਜ ਹੀ ਕਰਦੇ ਰਹੇ ਤਾਂ ਉਹ ਜਮਹੂਰੀਅਤ ਨੂੰ ਖ਼ਤਮ ਕਰ ਦੇਣਗੇ ਤੇ ਸੰਵਿਧਾਨ ਇਕ ਪਾਸੇ ਰੱਖ ਦੇਣਗੇ।’’ -ਪੀਟੀਆਈ

ਯੂਪੀ ਵਿਚ ਭਾਜਪਾ ਨੂੰ 8 ਤੇ ਸਪਾ ਨੂੰ ਦੋ ਸੀਟਾਂ

ਸਪਾ ਦੇ ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨਾਲ ਜੇਤੂ ਚਿੰਨ੍ਹ ਬਣਾਉਂਦੇ ਹੋਏ। -ਫੋਟੋ: ਪੀਟੀਆਈ

ਲਖਨਊ: ਉੱਤਰ ਪ੍ਰਦੇਸ਼ ਵਿਚ ਰਾਜ ਸਭਾ ਚੋਣਾਂ ’ਚ ਸੱਤਾਧਾਰੀ ਭਾਜਪਾ ਨੇ ਅੱਠ ਤੇ ਸਮਾਜਵਾਦੀ ਪਾਰਟੀ ਨੇ 2 ਸੀਟਾਂ ਜਿੱਤੀਆਂ ਹਨ। ਪੋਲਿੰਗ ਦੌਰਾਨ ਸਮਾਜਵਾਦੀ ਪਾਰਟੀ ਨੇ ਕਰਾਸ ਵੋਟਿੰਗ ’ਤੇ ਫਿਕਰ ਜਤਾਇਆ ਜਦੋਂਕਿ ਪਾਰਟੀ ਦੇ ਵ੍ਹਿਪ ਨੇ ਪੋਲਿੰਗ ਦੌਰਾਨ ਅਸਤੀਫ਼ਾ ਦੇ ਦਿੱਤਾ। ਯੂਪੀ ਵਿਚ ਭਾਜਪਾ ਤੇ ਮੁੱਖ ਵਿਰੋਧੀ ਧਿਰ ‘ਸਪਾ’ ਕੋਲ ਰਾਜ ਸਭਾ ਵਿਚ ਬਿਨਾਂ ਮੁਕਾਬਲਾ ਕ੍ਰਮਵਾਰ 7 ਤੇ 3 ਮੈਂਬਰ ਭੇਜਣ ਲਈ ਲੋੜੀਂਦੀ ਗਿਣਤੀ ਮੌਜੂਦ ਸੀ ਪਰ ਭਾਜਪਾ ਨੇ ਅੱਠਵਾਂ ਉਮੀਦਵਾਰ ਖੜ੍ਹਾ ਕਰਕੇ ਮੁੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ। ਯੂਪੀ ਅਸੈਂਬਲੀ ਵਿਚ ਭਾਜਪਾ ਦੇ 252, ਸਪਾ ਦੇ 108 ਤੇ ਕਾਂਗਰਸ ਦੇ 2 ਵਿਧਾਇਕ ਹਨ। ਭਾਜਪਾ ਦੇ ਜਿਹੜੇ ਉਮੀਦਵਾਰ ਜੇਤੂ ਰਹੇ ਉਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਆਰ.ਪੀ.ਐੱਨ.ਸਿੰਘ, ਸਾਬਕਾ ਐੱਮਪੀ ਚੌਧਰੀ ਤੇਜਵੀਰ ਸਿੰਘ, ਪਾਰਟੀ ਦੀ ਯੂਪੀ ਇਕਾਈ ਦੇ ਪ੍ਰਧਾਨ ਅਮਰਪਾਲ ਮੌਰਿਆ, ਸਾਬਕਾ ਮੰਤਰੀ ਸੰਗੀਤਾ ਬਲਵੰਤ (ਬਿੰਡ), ਪਾਰਟੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ, ਸਾਬਕਾ ਵਿਧਾਇਕ ਸਾਧਨਾ ਸਿੰਘ, ਆਗਰਾ ਦੇ ਸਾਬਕਾ ਮੇਅਰ ਨਵੀਨ ਜੈਨ ਤੇ ਸਨਅਤਕਾਰ ਸੰਜੈ ਸੇਠ ਸ਼ਾਮਲ ਹਨ। ਸਮਾਜਵਾਦੀ ਪਾਰਟੀ ਵੱਲੋਂ ਅਦਾਕਾਰ ਤੇ ਸੰਸਦ ਮੈਂਬਰ ਜਯਾ ਬੱਚਨ ਤੇ ਦਲਿਤ ਆਗੂ ਰਾਮਜੀ ਲਾਲ ਸੁਮਨ ਜੇਤੂ ਰਹੇ। ਸਪਾ ਦੇ ਤੀਜੇ ਉਮੀਦਵਾਰ ਸੇਵਾਮੁਕਤ ਆਈਏਐੱਸ ਅਧਿਕਾਰੀ ਆਲੋਕ ਰੰਜਨ ਕਰਾਸ ਵੋਟਿੰਗ ਕਰਕੇ ਹਾਰ ਗਏ। -ਪੀਟੀਆਈ

ਕਰਨਾਟਕ: ਮਾਕਨ ਜਿੱਤੇ, ਕਾਂਗਰਸ ਨੂੰ ਤਿੰਨ ਤੇ ਭਾਜਪਾ ਨੂੰ ਇਕ ਸੀਟ

ਕਾਂਗਰਸ ਦੇ ਨਵੇਂ ਚੁਣੇ ਰਾਜ ਸਭਾ ਮੈਂਬਰ ਸਈਦ ਨਸੀਰ ਹੁਸੈਨ ਨਾਲ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਜੀ.ਸੀ. ਚੰਦਰਸ਼ੇਖਰ, ਅਜੈ ਮਾਕਨ ਤੇ ਹੋਰ ਨੇਤਾ। -ਫੋਟੋ: ਪੀਟੀਆਈ

ਬੰਗਲੂਰੂ: ਕਰਨਾਟਕ ਵਿਚ ਕਾਂਗਰਸ ਰਾਜ ਸਭਾ ਦੀਆਂ ਤਿੰਨ ਸੀਟਾਂ ਜਿੱਤਣ ਵਿਚ ਸਫ਼ਲ ਰਹੀ ਜਦੋਂਕਿ ਇਕ ਸੀਟ ਭਾਜਪਾ ਦੀ ਝੋਲੀ ਪਈ। ਕਾਂਗਰਸ ਵੱਲੋਂ ਅਜੈ ਮਾਕਨ, ਜੀ.ਸੀ.ਚੰਦਰਸ਼ੇਖਰ ਤੇ ਸੱਯਦ ਨਸੀਰ ਹੁਸੈਨ ਤੇ ਭਾਜਪਾ ਵੱਲੋਂ ਨਾਰਾਇਣਸਾ ਕੇ.ਭੰਨਡਾਗੇ ਉਪਰਲੇ ਸਦਨ ਲਈ ਚੁਣੇ ਗਏ। ਕਰਨਾਟਕ ਤੋਂ ਸੰਸਦ ਦੇ ਉਪਰਲੇ ਸਦਨ ਦੀਆਂ ਚਾਰ ਸੀਟਾਂ ਲਈ ਜੇਡੀ(ਐੱਸ) ਦੇ ਡੀ.ਕੁਪੇਂਦਰਾ ਰੈੱਡੀ ਸਣੇ ਪੰਜ ਉਮੀਦਵਾਰ ਮੈਦਾਨ ਵਿਚ ਸਨ। ਚੋਣ ਦੌਰਾਨ ਕਰਾਸ ਵੋਟਿੰਗ ਵੀ ਹੋਈ। ਇਕ ਭਾਜਪਾ ਵਿਧਾਇਕ ਐੱਸ.ਸੋਮਾਸ਼ੇਖਰ ਨੇ ਕਾਂਗਰਸੀ ਉਮੀਦਵਾਰ ਮਾਕਨ ਦੇ ਹੱਕ ਵਿਚ ਵੋਟ ਪਾਈ ਜਦੋਂਕਿ ਇਕ ਹੋਰ ਵਿਧਾਇਕ ਏ.ਸ਼ਿਵਰਾਮ ਹੈੱਬਰ ਗੈਰਹਾਜ਼ਰ ਰਿਹਾ। ਇਸ ਦੌਰਾਨ ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀਕੇ ਸਿ਼ਵ ਕੁਮਾਰ ਨੇ ਕਰਾਸ ਵੋਟਿੰਗ ਨੂੰ ਰੋਕਣ ਲਈ ਪੋਲਿੰਗ ਦੌਰਾਨ ਡਟ ਕੇ ਪਹਿਰਾ ਦਿੱਤਾ। -ਪੀਟੀਆਈ

Advertisement
Author Image

joginder kumar

View all posts

Advertisement
Advertisement
×