ਰਾਜਵੀਰ ਢਿੱਲੋਂ ਹੋਣਗੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ
ਹਰਦਮ ਮਾਨ
ਸਰੀ:
ਸਰੀ ਦੇ ਵਕੀਲ ਰਾਜਵੀਰ ਢਿੱਲੋਂ ਨੇ ਸਰੀ ਸੈਂਟਰ ਹਲਕੇ ਤੋਂ ਨਾਮਜ਼ਦਗੀ ਚੋਣਾਂ ਵਿੱਚ ਜਿੱਤ ਹਾਸਲ ਕਰ ਲਈ ਹੈ ਅਤੇ ਉਸ ਨੂੰ ਕੰਜ਼ਰਵੇਟਿਵ ਪਾਰਟੀ ਵੱਲੋਂ ਅਧਿਕਾਰਤ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਉਸ ਨੂੰ ਵਕੀਲ ਵਜੋਂ 12 ਸਾਲ ਤੋਂ ਵੱਧ ਦਾ ਤਜਰਬਾ ਹਾਸਲ ਹੈ। ਰਾਜਬੀਰ ਨੇ ਕਿਹਾ ਕਿ ਇੱਥੋਂ ਦੇ ਭਾਈਚਾਰੇ ਨੇ ਉਸ ਨੂੰ ਬਹੁਤ ਮਾਣ ਸਨਮਾਨ ਦਿੱਤਾ ਹੈ ਅਤੇ ਉਸ ਨੇ ਆਪਣਾ ਫਰਜ਼ ਸਮਝਦੇ ਹੋਏ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾ ਸਕੇ। ਉਸ ਨੇ ਕਿਹਾ ਕਿ ਉਸ ਨੂੰ ਪੂਰੀ ਆਸ ਹੈ ਕਿ ਇੱਕ ਵਕੀਲ ਵਜੋਂ ਉਸ ਦਾ ਤਜਰਬਾ ਲੋਕ ਮੁੱਦਿਆਂ ਦੀ ਪਾਰਲੀਮੈਂਟ ਵਿੱਚ ਸਹੀ ਢੰਗ ਨਾਲ ਤਰਜਮਾਨੀ ਕਰਨ ਵਿੱਚ ਸਹਾਈ ਹੋਵੇਗਾ।
ਰਾਜਬੀਰ ਢਿੱਲੋਂ ਨੇ ਨਾਮਜ਼ਦਗੀ ਮੁਹਿੰਮ ਦੌਰਾਨ ਅਣਥੱਕ ਮਿਹਨਤ ਕਰਨ ਵਾਲੇ ਆਪਣੇ ਸਮਰਥਕਾਂ, ਵਾਲੰਟੀਅਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈਚਾਰੇ ਦਾ ਹੁੰਗਾਰਾ ਬਹੁਤ ਵਧੀਆ ਅਤੇ ਉਤਸ਼ਾਹਜਨਕ ਹੈ। ਉਸ ਦੇ ਪਾਰਟੀ ਉਮੀਦਵਾਰ ਬਣਨ ’ਤੇ ਜਸਦੀਪ ਸਿੱਧੂ, ਰਿੱਕੀ ਬਾਜਵਾ, ਸੰਦੀਪ ਤੂਰ, ਇਕਬਾਲ ਸੰਧੂ, ਜਗਦੀਪ ਸੰਧੂ, ਬੂਟਾ ਬਰਾੜ, ਜਸਪਾਲ ਥਿੰਦ, ਜੱਗੀ ਜੌਹਲ, ਅਮਰੀਕ ਸਿੱਧੂ, ਕਮਲਦੀਪ ਸਿੰਘ ਮਾਨ ਅਤੇ ਰਾਜਬੀਰ ਬਾਜਵਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਫਲਕ ਬੇਤਾਬ ਡਾਇਰੈਕਟਰ ਬਣੀ

ਸਰੀ:
ਫਲਕ ਬੇਤਾਬ ਨੂੰ ਪਿਕਸ ਸੁਸਾਇਟੀ ਵਿਖੇ ਮਾਰਕੀਟਿੰਗ, ਸੰਚਾਰ ਅਤੇ ਫੰਡਰੇਜ਼ਿੰਗ ਦੇ ਡਾਇਰੈਕਟਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਫਲਕ ਬੇਤਾਬ ਦੋ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ (2024 ਵਿੱਚ) ਸੰਚਾਰ ਅਤੇ ਫੰਡਰੇਜ਼ਿੰਗ ਅਫ਼ਸਰ ਵਜੋਂ ਪਿਕਸ ਵਿੱਚ ਸ਼ਾਮਲ ਹੋਈ ਸੀ ਅਤੇ ਜਲਦੀ ਹੀ ਇਸ ਸੰਸਥਾ ਲਈ ਮੁੱਖ ਪ੍ਰੇਰਕ ਸ਼ਕਤੀ ਬਣ ਗਈ ਹੈ।
ਆਪਣੀਆਂ ਨਵੀਨ ਰਣਨੀਤੀਆਂ ਅਤੇ ਮਾਰਕੀਟਿੰਗ ਸੂਝ-ਬੂਝ ਰਾਹੀਂ ਫਲਕ ਨੇ ਪਿਕਸ ਦੇ ਕਾਰਜ ਨੂੰ ਸਫਲਤਾ ਪੂਰਵਕ ਅੱਗੇ ਵਧਾਇਆ ਹੈ ਅਤੇ ਭਾਈਚਾਰੇ ਦੇ ਅੰਦਰ ਅਤੇ ਬਾਹਰ ਸਥਾਈ ਸੰਪਰਕ ਬਣਾਏ ਹਨ। ਉਸ ਨੇ ਮੈਗਾ ਜੌਬ ਫੇਅਰ ਦਾ ਨਾਮ ਵੀ ਬਦਲਿਆ, ਪਿਕਸ ਮੀਡੀਆ ਅਤੇ ਪੋਡਕਾਸਟ ਰੂਮ, ਪਿਕਸ ਸ਼ਾਪ ਲਾਂਚ ਕੀਤਾ ਅਤੇ ਹਾਲ ਹੀ ਵਿੱਚ ਪ੍ਰਭਾਵਸ਼ਾਲੀ ‘ਲੋਇਲ ਕੈਨੇਡੀਅਨ’ ਅੰਦੋਲਨ ਸ਼ੁਰੂ ਕੀਤਾ ਜੋ ਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਹੋ ਰਿਹਾ ਹੈ।
ਸੰਪਰਕ: +1 604 308 6663