ਸਨਅਤੀ ਕੌਰੀਡੋਰ ਵਜੋਂ ਵਿਕਸਿਤ ਹੋਵੇਗਾ ਰਾਜਪੁਰਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 28 ਅਗਸਤ
ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਰਾਜਪੁਰਾ ਸ਼ਹਿਰ ਨੂੰ ਸਨਅਤੀ ਕੌਰੀਡੋਰ ਵਜੋਂ ਵਿਕਸਿਤ ਕਰਨ ਦੇ ਫ਼ੈਸਲੇ ਮਗਰੋਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਪ੍ਰਾਜੈਕਟ ਤਹਿਤ ਰਾਜਪੁਰਾ ਨੂੰ ਸਨਅਤੀ ਕੇਂਦਰ ਵਜੋਂ ਵਿਕਸਿਤ ਕਰਨ ਲਈ 28,602 ਕਰੋੜ ਰੁਪਏ ਖਰਚੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ
ਨਵੀਂ ਦਿੱਲੀ ਵਿੱਚ ਹੋਈ ਕੈਬਨਿਟ ਮੀਟਿੰਗ ’ਚ ਪੂਰੇ ਭਾਰਤ ’ਚੋਂ 12 ਵਿਸ਼ਵ ਪੱਧਰੀ ਗ੍ਰੀਨ ਫ਼ੀਲਡ ਉਦਯੋਗਿਕ ਸਮਾਰਟ ਸ਼ਹਿਰਾਂ ਨੂੰ ਸਨਅਤੀ ਕੌਰੀਡੋਰ ਬਣਾਉਣ ਲਈ ਚੁਣਿਆ ਗਿਆ ਹੈ, ਜਿਨ੍ਹਾਂ ’ਚੋਂ ਰਾਜਪੁਰਾ ਇਕ ਹੈ। ਇਸ ਪ੍ਰਾਜੈਕਟ ਨੂੰ ਮਨਜ਼ੂਰੀ ਨਾਲ ਰਾਜਪੁਰਾ ’ਚ 64,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ। ਰਾਜਪੁਰਾ ਉਦਯੋਗਿਕ ਸਮਾਰਟ ਸਿਟੀ ਵਿੱਚ ਨਿਵੇਸ਼ ਦੀ ਸੰਭਾਵਨਾ 7,500 ਕਰੋੜ ਰੁਪਏ ਹੈ। ਇਸ ਸਬੰਧੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਡਸਟਰੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ੍ਰੀਵਾਸਤਵਾ ਨੇ ਜਿੱਥੇ ਉਕਤ ਸਮਾਰਟ ਸਿਟੀ ਪ੍ਰਾਜੈਕਟ ਦੀ ਸ਼ਲਾਘਾ ਕੀਤੀ ਹੈ, ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਇੰਡਸਟਰੀਜ਼ ਪਹਿਲਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਸੰਭਾਲਿਆ ਜਾਵੇ। ਪੰਜਾਬ ’ਚੋਂ ਜ਼ਿਆਦਾਤਰ ਉਦਯੋਗਪਤੀ ਪਲਾਇਨ ਕਰ ਰਹੇ ਹਨ। ਅੱਜ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਲ ਦੌਰ ਵਿਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮਾਰਗ ਧਰਨਿਆਂ ਕਾਰਨ ਬੰਦ ਹਨ ਜਿਸ ਕਾਰਨ ਵਪਾਰੀ ਵਰਗ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। 150 ਫ਼ੈਕਟਰੀਆਂ ਵਾਲਾ ਫੋਕਲ ਪੁਆਇੰਟ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਦੀ ਹਾਲਤ ਖਸਤਾ ਹੋਣ ਦੇ ਨਾਲ-ਨਾਲ ਇੱਥੇ ਸਟੀਰਟ ਲਾਈਟਾਂ ਦਾ ਪ੍ਰਬੰਧ ਨਹੀਂ ਹੈ। ਇਸ ਫੋਕਲ ਪੁਆਇੰਟ ਨੂੰ ਹੀ ਸਮਾਰਟ ਬਣਾ ਦਿੱਤਾ ਜਾਵੇ ਤਾਂ ਰਾਜਪੁਰਾ ਆਪਣੇ ਆਪ ਸਮਾਰਟ ਸਿਟੀ ਬਣ ਜਾਵੇਗਾ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਨੇ ਕਿਹਾ ਕਿ ਭਾਰਤ ਦੇ ਚੁਣੇ 12 ਸ਼ਹਿਰਾਂ ਵਿਚੋਂ ਪੰਜਾਬ ਦੇ ਸ਼ਹਿਰ ਰਾਜਪੁਰਾ ਲਈ ਇੰਨਾ ਵੱਡਾ ਪੈਕੇਜ ਦੇਣਾ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਚਪੇੜ ਹੈ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿਰੋਧੀ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਵਿਤਕਰਾ ਕਰਨ ਵਾਲੀ ਸਰਕਾਰ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਪੁਰਾ ਨੂੰ ਸਮਾਰਟ ਸਿਟੀ ਵਜੋਂ ਚੁਣਨਾ ਪੰਜਾਬ ਵਾਸੀਆਂ ਖਾਸ ਕਰ ਹਲਕਾ ਰਾਜਪੁਰਾ ਵਾਸੀਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣੇ ਹਿੱਸੇ ਦਾ ਕੰਮ ਨਹੀਂ ਕਰ ਰਹੀ ਜਿਸ ਕਾਰਨ ਬੀਤੇ ਵਿਚ 3 ਹਜ਼ਾਰ 3 ਕਰੋੜ ਰੁਪਏ ਦੇ ਪ੍ਰਾਜੈਕਟ ਰੱਦ ਹੋਏ ਹਨ ਜਿਨ੍ਹਾਂ ਵਿਚੋਂ 800 ਕਰੋੜ ਰੁਪਏ ਦੇ ਪ੍ਰਾਜੈਕਟ ਸਿਰਫ਼ ਪਟਿਆਲਾ ਸ਼ਹਿਰ ਦੇ ਸਨ। ਇਹ ਫੰਡ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਵਾਪਸ ਹੋ ਗਏ ਹਨ। ਰਾਜਪੁਰਾ ਤੋਂ ਇਲਾਵਾ ਨਾਲ ਲੱਗਦੇ ਹਰਿਆਣਾ ਦੇ ਨਾਂਗਲ ਚੌਧਰੀ ਨੂੰ ਸਨਅਤੀ ਸ਼ਹਿਰ ਵਜੋਂ ਵਿਕਸਿਤ ਕਰਨ ਦਾ ਕੰਮ ਪਹਿਲਾਂ ਚੱਲ ਰਿਹਾ ਹੈ।