ਰਾਜਪੁਰਾ ਪੁਲ: ਨੀਨਾ ਮਿੱਤਲ ਤੇ ਹਰਦਿਆਲ ਕੰਬੋਜ ਵਿਚਾਲੇ ਸਿਹਰਾ ਲੈਣ ਦੀ ਦੌੜ ਲੱਗੀ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 13 ਅਗਸਤ
ਇੱਥੇ ਹਾਲ ਹੀ ਵਿੱਚ ਮੁਰੰਮਤ ਲਈ ਬੰਦ ਕੀਤੇ ਰੇਲਵੇ ਪੁਲ ਨੂੰ ਖੋਲ੍ਹਣ ਦੇ ਮਾਮਲੇ ਵਿੱਚ ਸਿਆਸਤ ਭਖ ਗਈ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਪੁਲ ਲੋਕਾਂ ਲਈ ਖੋਲ੍ਹਣ ਦਾ ਸਿਹਰਾ ਆਪਣੇ ਸਿਰ ਲੈਣ ਲੱਗੇ ਹਨ। ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ 11 ਅਗਸਤ ਨੂੰ ਰੇਲਵੇ ਪੁਲ ਖੋਲ੍ਹਣ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਗਈਆਂ ਹਨ, ਜਿਸ ’ਚ ਸਾਬਕਾ ਵਿਧਾਇਕ ਕੰਬੋਜ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਵੱਲੋਂ ਜਾਣਕਾਰੀ ਹਾਸਲ ਕੀਤੀ ਕਿ ਉਕਤ ਪੁਲ ਮੁਰੰਮਤ ਤੋਂ ਬਾਅਦ ਆਵਾਜਾਈ ਲਈ ਤਿਆਰ ਹੈ ਪਰ ਵਿਧਾਇਕਾ ਨੀਨਾ ਮਿੱਤਲ ਵਿਦੇਸ਼ ਗਏ ਹੋਏ ਹਨ। ਉਨ੍ਹਾਂ ਦੇ ਆਉਣ ਮਗਰੋਂ ਉਦਘਾਟਨ ਕਰ ਕੇ ਉਕਤ ਪੁਲ ਆਵਾਜਾਈ ਖੋਲ੍ਹਿਆ ਜਾਵੇਗਾ। ਵੀਡੀਓ ’ਚ ਸਾਬਕਾ ਵਿਧਾਇਕ ਨੇ ਕਿਹਾ ਕਿ ਬਰਸਾਤਾਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ, ਸ਼ਹਿਰ ਦੇ ਦੋਵੇਂ ਅੰਡਰਬ੍ਰਿਜ ਪਾਣੀ ਨਾਲ ਭਰ ਗਏ ਹਨ। ਪੁਲ ਖੋਲ੍ਹਣ ਲਈ ਵਿਧਾਇਕਾ ਨੀਨਾ ਮਿੱਤਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਉਪਰੰਤ ਸਾਬਕਾ ਵਿਧਾਇਕ ਨੇ ਪੁਲ ਅੱਗੇ ਲੱਗੇ ਬੈਰੀਕੇਟ ਟਰੈਕਟਰਾਂ ਦੀ ਸਹਾਇਤਾ ਨਾਲ ਹਟਾ ਕੇ ਪੁਲ ਚਾਰ ਪਹੀਆ ਵਾਹਨਾਂ ਲਈ ਚਾਲੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਨਤਾ ਦੀ ਸਹੂਲਤ ਲਈ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਮਾਮਲੇ ਵਿੱਚ ਸਾਬਕਾ ਵਿਧਾਇਕ ਨੇ ਹੋਛੀ ਰਾਜਨੀਤੀ ਕੀਤੀ: ਅਮਰਿੰਦਰ ਮੀਰੀ
ਵਿਦੇਸ਼ ਗਏ ਹੋਣ ਕਰ ਕੇ ਵਿਧਾਇਕਾ ਨੀਨਾ ਮਿੱਤਲ ਦੀ ਤਰਫ਼ੋਂ ਉਨ੍ਹਾਂ ਦੇ ਪੀਏ ਅਮਰਿੰਦਰ ਸਿੰਘ ਮੀਰੀ ਨੇ ਦੱਸਿਆ ਕਿ ਇਹ ਪੁਲ 15 ਅਗਸਤ ਨੂੰ ਖੋਲ੍ਹਣਾ ਸੀ, ਪਰ ਭਾਰੀ ਬਰਸਾਤ ਕਾਰਨ ਵਿਧਾਇਕਾ ਨੀਨਾ ਮਿੱਤਲ ਨੇ 11 ਅਗਸਤ ਨੂੰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪੁਲ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ। ਉਨ੍ਹਾਂ ਨੇ ਇਸ ਸਬੰਧੀ 3 ਵਜੇ ਦੇ ਕਰੀਬ ਸੋਸ਼ਲ ਮੀਡੀਆ ’ਤੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੀਡਬਲਿਊਡੀ ਨੇ ਪੁਲ ਨੂੰ ਨਿਰੀਖਣ ਲਈ ਦੋ ਪਹੀਆ ਵਾਹਨਾਂ ਲਈ ਖੋਲ੍ਹ ਦਿੱਤਾ ਪਰ ਸਾਬਕਾ ਵਿਧਾਇਕ ਨੂੰ ਇਹ ਗੱਲ ਪਤਾ ਲੱਗਣ ’ਤੇ ਉਨ੍ਹਾਂ ਨੇ ਸ਼ਾਮ 6 ਵਜੇ ਆਪਣੇ ਲਾਮ ਲਸ਼ਕਰ ਨਾਲ ਆ ਕੇ ਇਸ ਪੁਲ ਨੂੰ ਜਬਰੀ ਖੋਲ੍ਹ ਦਿੱਤਾ ਜਦੋਂ ਕਿ ਅਜੇ ਟੈਸਟਿੰਗ ਰਿਪੋਰਟ ਵੀ ਨਹੀਂ ਆਈ ਸੀ। ਕਾਇਦੇ ਅਨੁਸਾਰ ਪੁਲ ਨੂੰ ਰਾਤ 8 ਵਜੇ ਖੋਲ੍ਹਿਆ ਜਾਣਾ ਸੀ। ਮੀਰੀ ਨੇ ਇਸ ਨੂੰ ਸਾਬਕਾ ਵਿਧਾਇਕ ਵੱਲੋਂ ਕੀਤੀ ਹੋਛੀ ਰਾਜਨੀਤੀ ਦੱਸਿਆ।
ਸਾਬਕਾ ਵਿਧਾਇਕ ਕਾਰਨ ਪੁਲ ਦੇ ਨਿਰੀਖਣ ’ਚ ਦੇਰੀ ਹੋਈ: ਅਧਿਕਾਰੀ
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਪੁਲ ਦੇ 10 ਇਕਸਪੈਂਨਸ਼ਨ ਜੁਆਇੰਟ ਹਨ, 9 ਜੁਆਇੰਟ ਦੀ ਟੈਸਟਿੰਗ ਹੋ ਚੁੱਕੀ ਸੀ ਬੱਸ ਇਕ ਜੁਆਇੰਟ ਦੀ ਟੈਸਟਿੰਗ ਰਹਿ ਗਈ ਸੀ ਜੋ ਕਿ ਸਾਬਕਾ ਵਿਧਾਇਕ ਕੰਬੋਜ ਨੇ ਆ ਕੇ ਭਾਰੀ ਵਾਹਨਾਂ ਲਈ ਖੋਲ੍ਹ ਦਿੱਤਾ। ਉਨ੍ਹਾਂ ਦੇ ਜਾਣ ਤੋਂ ਬਾਅਦ ਵਿਭਾਗ ਨੇ ਮੁੜ ਪੁਲ ਨੂੰ ਬੰਦ ਕਰ ਦਿੱਤਾ ਅਤੇ ਨਿਰੀਖਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਰਾਤੀ 10 ਵਜੇ ਭਾਰੀ ਵਾਹਨਾਂ ਲਈ ਖੋਲ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕ ਕੰਬੋਜ ਵੱਲੋਂ ਕੀਤੀ ਕਾਰਵਾਈ ਕਾਰਨ ਪੁਲ ਦਾ ਨਿਰੀਖਣ ਦੋ ਘੰਟੇ ਦੇਰੀ ਨਾਲ ਹੋਇਆ। ਜਦੋਂ ਕਿ ਪੁਲ 8 ਵਜੇ ਦੀ ਬਜਾਏ 10 ਵਜੇ ਖੋਲ੍ਹਿਆ ਗਿਆ। ਇਸ ਸਬੰਧੀ ਸੱਚਾਈ ਜਾਣਨ ਲਈ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।