ਰਾਜੌਰੀ ਮੁਕਾਬਲਾ: ਲਸ਼ਕਰ ਕਮਾਂਡਰ ਸਣੇ ਦੋ ਅਤਿਵਾਦੀ ਹਲਾਕ, ਜਵਾਨ ਸ਼ਹੀਦ
ਰਾਜੌਰੀ/ਜੰਮੂ, 23 ਨਵੰਬਰ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅਫ਼ਗਾਨਿਸਤਾਨ ’ਚ ਸਿਖਲਾਈਯਾਫ਼ਤਾ ਲਸ਼ਕਰ-ਏ-ਤੋਇਬਾ ਦੇ ਇੱਕ ਕਮਾਂਡਰ ਸਣੇ ਦੋ ਅਤਿਵਾਦੀ ਮਾਰੇ ਗਏ, ਜਦਕਿ ਇਸ ਦੌਰਾਨ ਗੋਲੀ ਲੱਗਣ ਕਾਰਨ ਫ਼ੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਧਰਮਸਾਲ ਦੇ ਬਾਜੀਮਾਲ ਖੇਤਰ ਵਿੱਚ ਬੁੱਧਵਾਰ ਨੂੰ ਸ਼ੁਰੂ ਹੋਏ ਮੁਕਾਬਲੇ ਦੌਰਾਨ ਸ਼ਹੀਦ ਜਵਾਨਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਮੁਕਾਬਲੇ ਦੌਰਾਨ ਵਿਸ਼ੇਸ਼ ਬਲਾਂ ਦੇ ਦੋ ਕੈਪਟਨ ਸਣੇ ਚਾਰ ਫ਼ੌਜੀ ਸ਼ਹੀਦ ਹੋ ਗਏ ਸਨ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ। ਇਸੇ ਦੌਰਾਨ ਜੰਮੂ ਕੇ ਅਖਨੂਰ ਸੈਕਟਰ ਵਿੱਚ ਅੱਜ ਕੰਟਰੋਲ ਰੇਖਾ (ਐੱਲਓਸੀ) ਨੇੜੇ ਇੱਕ ਡਰੋਨ ਰਾਹੀਂ ਸੁੱਟੇ ਗਏ ਨੌਂ ਗਰਨੇਡ ਅਤੇ ਇੱਕ ਆਈਈਡੀ ਸਣੇ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇੱਕ ਡਰੋਨ ਜ਼ਰੀਏ ਅਤਿਵਾਦੀਆਂ ਦੀ ਵਰਤੋਂ ਲਈ ਹਥਿਆਰਾਂ ਦੀ ਇਹ ਖੇਪ ਸੁੱਟੀ ਗਈ ਸੀ। ਖੌਰ ਥਾਣਾ ਪੁਲੀਸ ਥਾਣੇ ਵਿੱਚ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ