ਰਾਜਨਾਥ ਵੱਲੋਂ ਰਾਮਕ੍ਰਿਸ਼ਨ ਮਿਸ਼ਨ ਤੇ ਬਾਟੂ ਗੁਫ਼ਾ ਮੰਦਰ ਦਾ ਦੌਰਾ
ਕੁਆਲਾਲੰਪੁਰ, 11 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਰਾਮਕ੍ਰਿਸ਼ਨ ਮਿਸ਼ਨ ਗਏ ਅਤੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ‘ਗਲੋਬਲ ਯੂਥ ਆਈਕਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਲੇਸ਼ੀਆ ਵਿੱਚ ਅਧਿਆਤਮਕ ਆਗੂ ਦੀ ਮੂਰਤੀ ਭਾਰਤੀ ਸਭਿਆਚਾਰ ਦੀ ਅਮੀਰ ਵਿਰਾਸਤ ਦਾ ਸਬੂਤ ਹੈ। ਰਾਜਨਾਥ ਐਤਵਾਰ ਨੂੰ ਮਲੇਸ਼ੀਆ ਦੀ ਤਿੰਨ ਰੋਜ਼ਾ ਯਾਤਰਾ ’ਤੇ ਕੁਆਲਾਲੰਪੁਰ ਪਹੁੰਚੇ ਸਨ। ਉੱਨਤ ਰਣਨੀਤਕ ਭਾਈਵਾਲੀ ਦੀ ਸ਼ੁਰੂਆਤ ਮਗਰੋਂ ਇਹ ਪਹਿਲੀ ਦੁਵੱਲੀ ਯਾਤਰਾ ਹੈ। ਇਸ ਦਾ ਐਲਾਨ ਸਾਲ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਲੇਸ਼ੀਆ ਦੌਰੇ ਦੌਰਾਨ ਕੀਤਾ ਗਿਆ ਸੀ। ਰੱਖਿਆ ਮੰਤਰੀ ਨੇ ਟਵੀਟ ਕੀਤਾ, ‘‘ਕੁਆਲਾਲੰਪੁਰ ਵਿੱਚ ਰਾਮਕ੍ਰਿਸ਼ਨ ਮਿਸ਼ਨ ਦੀ ਯਾਤਰਾ ਕਰ ਕੇ ਦਨਿ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ‘ਗਲੋਬਲ ਯੂਥ ਆਈਕਨ’ ਸਵਾਮੀ ਵਿਵੇਕਾਨੰਦ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ।’’ ਰਾਜਨਾਥ ਬਾਟੂ ਗੁਫਾ ਮੰਦਰ ਕੰਪਲੈਕਸ ਵਿੱਚ ਵੀ ਗਏ। ਇਸ ਵਿੱਚ ਭਾਰਤੀ ਕਾਰੀਗਰਾਂ ਵੱਲੋਂ ਬਣਾਈ ਗਈ ਭਗਵਾਨ ਮੁਰੂਗਨ ਦੀ ਮੂਰਤੀ ਹੈ। ਬਾਟੂ ਗੁਫਾ ਮੰਦਰ ਕਮੇਟੀ ਦੇ ਪ੍ਰਧਾਨ ਤਾਨ ਸ੍ਰੀ ਨਾਦਰਾਜਾ ਤੇ ਹੋਰ ਭਾਰਤੀ ਪਰਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। -ਪੀਟੀਆਈ