ਰਾਜਨਾਥ ਸਿੰਘ ਵੱਲੋਂ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 23 ਦਸੰਬਰ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਿਰਸਾ ਜ਼ਿਲ੍ਹੇ ਦੇ ਪਿੰਡ ਤੇਜਾ ਖੇੜਾ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਬੀਤੇ ਦਿਨੀਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਰਾਜਨਾਥ ਸਿੰਘ ਨੇ ਪਿੰਡ ਤੇਜਾ ਖੇੜਾ ਵਿੱਚ ਮਰਹੂਮ ਚੌਟਾਲਾ ਦੇ ਪੁੱਤਰਾਂ ਅਭੈ ਸਿੰਘ ਚੌਟਾਲਾ ਅਤੇ ਅਜੈ ਸਿੰਘ ਚੌਟਾਲਾ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨਾਲ ਹਮਦਰਦੀ ਜ਼ਾਹਰ ਕੀਤੀ। ਅਭੈ ਸਿੰਘ ਚੌਟਾਲਾ ਇਨੈਲੋ ਆਗੂ ਹਨ ਅਤੇ ਅਜੈ ਸਿੰਘ ਚੌਟਾਲਾ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਪ੍ਰਧਾਨ ਹਨ। ਰਾਜਨਾਥ ਸਿੰਘ ਨੇ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਨਾਲ ਵੀ ਮੁਲਾਕਾਤ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਚੌਟਾਲਾ ਵੱਲੋਂ ਸੂਬੇ ਦੇ ਲੋਕਾਂ ਅਤੇ ਕਿਸਾਨ ਭਾਈਚਾਰੇ ਦੀ ਕੀਤੀ ਗਈ ਸੇਵਾ ਭੁਲਾਈ ਨਹੀਂ ਜਾ ਸਕਦੀ। ਉਨ੍ਹਾਂ ਕਿਹਾ, ‘ਉਹ ਇੱਕ ਵੱਡੇ ਆਗੂ (ਦੇਵੀ ਲਾਲ) ਦੇ ਪੁੱਤਰ ਸਨ ਪਰ ਉਨ੍ਹਾਂ ਨੇ ਸਿਆਸੀ ਹਲਕਿਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ।’ ਉਨ੍ਹਾਂ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਹਰਿਆਣਾ ਦੀ ਸਿਆਸਤ ਦੇ ਮਜ਼ਬੂਤ ਥੰਮ ਰਹੇ ਹਨ। ਉਨ੍ਹਾਂ ਦੀ ਬੇਬਾਕੀ, ਦਲੇਰੀ ਅਤੇ ਸੰਵੇਦਨਸ਼ੀਲਤਾ ਤੋਂ ਉਹ ਬਹੁਤ ਪ੍ਰਭਾਵਿਤ ਹਨ।