ਰਾਜਨਾਥ ਵੱਲੋਂ ਅਰਜਨਟੀਨਾ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ, 18 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਅਰਜਨਟੀਨਾ ਦੇ ਆਪਣੇ ਹਮਰੁਤਬਾ ਜੌਰਜ ਐਨਰੀਕ ਤਈਆਨਾ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਰੱਖਿਆ ਖੇਤਰ ਵਿਚ ਉਦਯੋਗਿਕ ਭਾਈਵਾਲੀ ਵਧਾਉਣ ’ਤੇ ਚਰਚਾ ਕੀਤੀ। ਅਰਜਨਟੀਨਾ ਉਨ੍ਹਾਂ ਕੁਝ ਮੁਲਕਾਂ ਵਿਚੋਂ ਇਕ ਹੈ ਜਿਸ ਨੇ ਭਾਰਤ ਦੇ ਹਲਕੇ ਤੇਜਸ ਲੜਾਕੂ ਜਹਾਜ਼ ਖ਼ਰੀਦਣ ਵਿਚ ਦਿਲਚਸਪੀ ਦਿਖਾਈ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਮਾਮਲੇ ਬਾਰੇ ਗੱਲਬਾਤ ਹੋਈ ਹੈ ਜਾਂ ਨਹੀਂ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਮੰਤਰੀਆਂ ਨੇ ਪਹਿਲਾਂ ਤੋਂ ਜਾਰੀ ਰੱਖਿਆ ਤਾਲਮੇਲ ਉਤੇ ਚਰਚਾ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਆਏ ਅਰਜਨਟੀਨਾ ਦੇ ਰੱਖਿਆ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਉਹ ਭਾਰਤ ਦੇ ਚਾਰ ਦਨਿਾਂ ਦੇ ਦੌਰੇ ਉਤੇ ਹਨ। ਇਕ ਟਵਿੱਟਰ ਪੋਸਟ ਵਿਚ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਜੌਰਜ ਨਾਲ ਭਾਰਤ-ਅਰਜਨਟੀਨਾ ਦੇ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ਅਤੇ ਰੱਖਿਆ ਤਾਲਮੇਲ ਵਧਾਉਣ ਬਾਰੇ ਗੱਲਬਾਤ ਕੀਤੀ ਹੈ। ਅਰਜਨਟੀਨਾ ਦੇ ਰੱਖਿਆ ਮੰਤਰੀ ਅੱਜ ‘ਬ੍ਰਹਮੋਸ ਏਅਰੋਸਪੇਸ’ ਵੀ ਗਏ। ਉਹ ਬੰਗਲੂਰੂ ਵੀ ਜਾਣਗੇ ਜਿੱਥੇ ਉਹ ‘ਐਚਏਐਲ’ ਦਾ ਦੌਰਾ ਕਰਨਗੇ। ਉੱਥੇ ਉਹ ਰੱਖਿਆ ‘ਸਟਾਰਟ-ਅੱਪਸ’ ਦੇ ਪ੍ਰਤੀਨਿਧੀਆਂ ਨੂੰ ਵੀ ਮਿਲਣਗੇ। ਭਾਰਤ ਤੇ ਅਰਜਨਟੀਨਾ ਦਰਮਿਆਨ ਰਣਨੀਤਕ ਭਾਈਵਾਲੀ 2019 ਵਿਚ ਕਾਇਮ ਹੋਈ ਸੀ। ਉਸ ਵੇਲੇ ਦੋਵਾਂ ਮੁਲਕਾਂ ਵਿਚਾਲੇ ਰੱਖਿਆ ਤਾਲਮੇਲ ਲਈ ਸਮਝੌਤਾ ਵੀ ਹੋਇਆ ਸੀ। -ਪੀਟੀਆਈ