ਰਾਜੀਵ ਗਾਂਧੀ ਦੀ 79ਵੀਂ ਜਨਮ ਵਰ੍ਹੇਗੰਢ: ਪ੍ਰਧਾਨ ਮੰਤਰੀ ਮੋਦੀ, ਸੋਨੀਆ ਗਾਂਧੀ, ਖੜਗੇ, ਪ੍ਰਿਯੰਕਾ ਨੇ ਦਿੱਤੀਆਂ ਸ਼ਰਧਾਂਜਲੀਆਂ
ਨਵੀਂ ਦਿੱਲੀ, 20 ਅਗਸਤ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਅੱਜ ਉਨ੍ਹਾਂ ਦੀ 79ਵੀਂ ਜਨਮ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਉਨ੍ਹਾਂ ਦੀ ਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਜਵਾਈ ਰੌਬਰਟ ਵਾਡਰਾ ਸਣੇ ਹੋਰਨਾਂ ਕਾਂਗਰਸੀ ਆਗੂਆਂ ਨੇ ਸ਼ਰਧਾਂਜਲੀਆਂ ਦਿੱਤੀਆਂ। ਗਾਂਧੀ ਪਰਿਵਾਰ ਸਣੇ ਹੋਰਨਾਂ ਆਗੂਆਂ ਨੇ ‘ਵੀਰ ਭੂਮੀ’ ਜਾ ਕੇ ਫੁੱਲ ਮਾਲਾਵਾਂ ਨਾਲ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਇਕ ਸੁਨੇਹੇ ਵਿੱਚ ਕਿਹਾ, ‘‘ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ’ਤੇ ਮੇਰੇ ਵੱਲੋਂ ਸ਼ਰਧਾਂਜਲੀਆਂ।’’ ਕਾਂਗਰਸ ਆਗੂ ਰਾਹੁਲ ਗਾਂਧੀ, ਜੋ ਲੱਦਾਖ ਦੀ ਚਾਰ ਰੋਜ਼ਾ ਫੇਰੀ ’ਤੇ ਹਨ, ਨੇ ਵੀ ਆਪਣੇ ਪਿਤਾ ਨੂੰ ਯਾਦ ਕੀਤਾ। ਰਾਹੁਲ ਨੇ ਐਕਸ ’ਤੇ ਪਾਈ ਇਕ ਪੋੋਸਟ ’ਚ ਲਿਖਿਆ, ‘‘ਪਾਪਾ, ਭਾਰਤ ਲਈ ਜੋ ਸੁਪਨੇ ਤੁਸੀਂ ਵੇਖੇ ਸਨ, ਉਹ ਇਨ੍ਹਾਂ ਅਨਮੋਲ ਯਾਦਾਂ ਤੋਂ ਪਤਾ ਲੱਗਦਾ ਹੈ। ਤੁਹਾਡੀਆਂ ਪੈੜਾਂ- ਹਰ ਭਾਰਤੀ ਦੇ ਸੰਘਰਸ਼ ਤੇ ਸੁਪਨਿਆਂ ਨੂੰ ਸਮਝਣਾ, ਭਾਰਤ ਮਾਤਾ ਦੀ ਆਵਾਜ਼ ਸੁਣਨਾ- ਹੀ ਮੇਰਾ ਰਾਹ ਹਨ।’’ ਸਾਬਕਾ ਪ੍ਰਧਾਨ ਮੰਤਰੀ ਦੇ 79ਵੇਂ ਜਨਮ ਦਿਨ ਮੌਕੇ ਇਥੇ ਪੈਂਗੌਂਗ ਝੀਲ ਕੰਢੇ ਪ੍ਰਾਰਥਨਾ ਸਭਾ ਵੀ ਰੱਖੀ ਗਈ, ਜਿਸ ਵਿਚ ਰਾਹੁਲ ਗਾਂਧੀ ਵੀ ਸ਼ਾਮਲ ਹੋਏ।
ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਸਣੇ ਹੋਰਨਾਂ ਕਾਂਗਰਸ ਆਗੂਆਂ ਨੇ ਮਗਰੋਂ ਸੰਸਦ ਦੇ ਕੇਂਦਰੀ ਹਾਲ ਵਿੱਚ ਲੱਗੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਸਵੀਰ ਅੱਗੇ ਫੁੱਲ ਮਾਲਾਵਾਂ ਨਾਲ ਵੀ ਸ਼ਰਧਾਂਜਲੀ ਦਿੱਤੀ।
-ਪੀਟੀਆਈ/ਏਐੱਨਆਈ