ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਹੱਬਤ ਦੀਆਂ ਬਾਤਾਂ ਪਾਉਂਦਾ ਰਾਜੀਵ ਢੀਂਗਰਾ

08:33 AM Nov 16, 2024 IST

ਨੋਨਿਕਾ ਸਿੰਘ

Advertisement

‘‘ਅਜਿਹੀ ਦੁਨੀਆ ਜਿੱਥੇ ਟਕਰਾਅ ਹੋਣਾ ਆਮ ਗੱਲ ਹੈ, ਤੀਜੀ ਸੰਸਾਰ ਜੰਗ ਦੀ ਸੰਭਾਵਨਾ ਪੈਦਾ ਹੋ ਰਹੀ ਹੈ, ਉੱਥੇ ਸਿਨੇਮਾ ’ਚ ਵੀ ਹਥਿਆਰਾਂ ਦਾ ਸਹਾਰਾ ਕਿਉਂ ਲਿਆ ਜਾਵੇ?’’ ਇਹ ਵਿਚਾਰ ਹਨ ਉੱਘੇ ਪੰਜਾਬੀ ਫਿਲਮ ਨਿਰਦੇਸ਼ਕ ਰਾਜੀਵ ਢੀਂਗਰਾ ਦੇ ਜਿਸ ਦੀ ਹਾਲੀਆ ਰਿਲੀਜ਼ ਪੰਜਾਬੀ ਫਿਲਮ ‘ਸ਼ਾਹਕੋਟ’ ਸਰਹੱਦ ਦੇ ਆਰ-ਪਾਰ ਦੀ ਇੱਕ ਪ੍ਰੇਮ ਕਹਾਣੀ ਹੈ। ਢੀਂਗਰਾ ਕਹਿੰਦਾ ਹੈ, ‘‘ਮੁਹੱਬਤ ਸਭ ਕੁਝ ਜਿੱਤ ਲੈਂਦੀ ਹੈ। ਸਾਨੂੰ ਆਪਣੀਆਂ ਜ਼ਿਆਦਤੀਆਂ ਲਈ ਖਿਮਾ ਮੰਗਣੀ ਚਾਹੀਦੀ ਹੈ ਤੇ ਨਾਲ ਹੀ ਦੂਜਿਆਂ ਦੀਆਂ ਵਧੀਕੀਆਂ ਨੂੰ ਭੁਲਾ ਕੇ ਉਨ੍ਹਾਂ ਨੂੰ ਵੀ ਮੁਆਫ਼ ਕਰ ਦੇਣਾ ਚਾਹੀਦਾ ਹੈ।’’ ਇਸ ਤਰ੍ਹਾਂ, ਸਿਆਸੀ ਰੁਖ਼ ਜਾਂ ਅਸਲੀਅਤ ਕੁਝ ਵੀ ਹੋਵੇ, ਉਹ ਪ੍ਰੇਮ ਦਾ ਪੈਗ਼ਾਮ ਦੇਣ ਦੀ ਹੀ ਖਾਹਿਸ਼ ਰੱਖਦਾ ਹੈ। ਭਾਵੇਂ ਉਸ ਦੀ ਅਗਲੀ ਫਿਲਮ ਐੱਸਵਾਈਐੱਲ ਨਹਿਰ ਦੇ ਗੁੰਝਲਦਾਰ ਮੁੱਦੇ ’ਤੇ ਆਧਾਰਿਤ ਹੈ, ਪਰ ਇਹ ਜ਼ਿਆਦਾਤਰ ਜਲ ਸੰਕਟ ’ਤੇ ਹੀ ਕੇਂਦਰਿਤ ਹੋਵੇਗੀ, ਜਿਸ ਦਾ ਅਸੀਂ ਮੌਜੂਦਾ ਦੌਰ ਵਿੱਚ ਸਾਹਮਣਾ ਕਰ ਰਹੇ, ਨਾ ਕਿ ਕਿਸੇ ਸਿਆਸੀ ਝਮੇਲੇ ’ਤੇ ਕੋਈ ਟਿੱਪਣੀ ਜਾਂ ਪ੍ਰਤੀਕਿਰਿਆ ਹੋਵੇਗੀ।
ਰਾਜੀਵ ਅਤੀਤ ਦੀਆਂ ਹਨੇਰੀਆਂ ਗਲੀਆਂ ’ਚ ਨਹੀਂ ਜਾਣਾ ਚਾਹੁੰਦਾ। ‘ਲਵ ਪੰਜਾਬ’ ’ਚ ਉਹ ਕਾਮੇਡੀ ਨਾਲ ਦੋ-ਚਾਰ ਹੁੰਦਾ ਹੈ, ਜੋ ਕਿ ਸਮਾਜਿਕ ਮਨੋਰੰਜਨ ਦਾ ਵਿਸ਼ਾ ਸੀ। ਉਸ ਦੀ ਆਪਣੀ ਸ਼ੈਲੀ ‘ਅਜਿਹੀਆਂ ਫਿਲਮਾਂ ਬਣਾਉਣਾ ਹੈ ਜੋ ਜਾਂ ਤਾਂ ਮਨੋਰੰਜਨ ਕਰਨ ਜਾਂ ਫੇਰ ਪ੍ਰੇਰਣਾਦਾਇਕ ਹੋਣ ਜਿਨ੍ਹਾਂ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖ ਸਕੇ। ਮਨੋਰੰਜਨ ਜਗਤ ਵਿੱਚ ਰਾਜੀਵ ਨੇ ਆਪਣਾ ਸਫ਼ਰ ‘ਕਾਮੇਡੀ ਨਾਈਟਸ ਵਿਦ ਕਪਿਲ’ ਨਾਲ ਸ਼ੁਰੂ ਕੀਤਾ ਸੀ।
ਉਹ ਕਹਿੰਦਾ ਹੈ, ‘‘ਸਾਫ਼-ਸੁਥਰਾ ਮਨੋਰੰਜਨ ਬਹੁਤ ਔਖਾ ਹੈ। ਲੋਕਾਂ ਨੂੰ ਉਤੇਜਕ ਤੇ ਦੋਹਰੇ ਅਰਥਾਂ ਨਾਲ ਹਸਾਉਣਾ ਆਸਾਨ ਰਹਿੰਦਾ ਹੈ, ਪਰ ਸਾਫ਼-ਸੁਥਰੇ ਮਨੋਰੰਜਨ ਵਿੱਚ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ।’’
ਕਿਸੇ ਨੂੰ ਸ਼ਾਇਦ ਇਹ ਲੱਗ ਸਕਦਾ ਹੈ ਕਿ ਉਹ ਕਪਿਲ ਵੱਲੋਂ ਕਾਮਯਾਬੀ ਦੀਆਂ ਸਿਖਰਾਂ ਛੂਹਣ ਤੋਂ ਕੁਝ ਪਰੇਸ਼ਾਨ ਜ਼ਰੂਰ ਹੋਵੇਗਾ? ਪਰ ਉਹ ਦੱਸਦਾ ਹੈ, ‘‘ਕਪਿਲ ਤੇ ਮੈਂ ਨੌਵੀਂ ਜਮਾਤ ਤੋਂ ਦੋਸਤ ਹਾਂ ਤੇ ਉਹ ਸਾਡੇ ਲਈ ਪ੍ਰੇਰਣਾ ਹੈ।’’ ਪਰ ਹਾਂ, ਰਾਜੀਵ ਨੂੰ ਅਫ਼ਸੋਸ ਹੈ ਕਿ ਭਾਰਤ ਵਿੱਚ ਨਿਰਦੇਸ਼ਕਾਂ ਨੂੰ ਢੁੱਕਵਾਂ ਸਿਹਰਾ ਨਹੀਂ ਦਿੱਤਾ ਜਾਂਦਾ। ਉਹ ਅਫ਼ਸੋਸ ਜਤਾਉਂਦਿਆਂ ਕਹਿੰਦਾ ਹੈ ‘‘ਖ਼ਾਸ ਤੌਰ ’ਤੇ, ਕਈਆਂ ਕੋਲ ਤਾਂ ਅਕਸਰ ਆਪਣੀ ਦਿਮਾਗ਼ੀ ਕਾਢ ਦਾ ਕਾਪੀਰਾਈਟ ਵੀ ਨਹੀਂ ਹੁੰਦਾ, ਜਦੋਂਕਿ ਕਾਮੇਡੀ ਨਾਈਟਸ ਦਾ ਉਨ੍ਹਾਂ ਕੋਲ ਸੀ... ਜੋ ਇੱਕ ਅਸਲ ਸ਼ੋਅ ਸੀ ਤੇ ਕਿਸੇ ਕੌਮਾਂਤਰੀ ਪ੍ਰੋਗਰਾਮ ਦਾ ਰੂਪਾਂਤਰ ਨਹੀਂ ਸੀ। ਦਸਤਾਵੇਜ਼ਾਂ ਵਿੱਚ ਵੀ ਮੇਰਾ ਨਾਂ ਸੀ, ਪਰ ਰਾਈਟਸ ਚੈਨਲ ਦੇ ਕੋਲ ਸਨ।’’
ਉਹ ਵੀ ਦਿਨ ਸਨ ਜਦ ਕਪਿਲ ਤੇ ਰਾਜੀਵ ਮੁੰਬਈ ਪਹੁੰਚੇ ਸਨ ਤੇ ਫਿਲਮਸਾਜ਼ੀ ਦੇ ਕਾਰੋਬਾਰ ਦੀਆਂ ਪਰਤਾਂ ਤੋਂ ਜ਼ਿਆਦਾ ਜਾਣੂ ਨਹੀਂ ਸਨ। ਰਾਜੀਵ ਹੁਣ ਸ਼ਾਇਦ ਥੋੜ੍ਹਾ ਹੁਸ਼ਿਆਰ ਹੋ ਗਿਆ ਹੈ, ਪਰ ਕਹਿੰਦਾ ਹੈ, ‘‘ਇਸ ਇੰਡਸਟਰੀ ਵਿੱਚ ਸਿਰਫ਼ ਧੱਕੇਸ਼ਾਹੀ ਹੀ ਕੰਮ ਕਰਦੀ ਹੈ। ਜਿਨ੍ਹਾਂ ਦਾ ਹੱਥ ਉੱਚਾ ਹੁੰਦਾ ਹੈ, ਉਨ੍ਹਾਂ ਦੇ ਸ਼ਬਦ ਹੀ ਆਖਰੀ ਮੰਨੇ ਜਾਂਦੇ ਹਨ ਤੇ ਉਹੀ ਫ਼ੈਸਲੇ ਲੈਂਦੇ ਹਨ। ਇਸ ਲਈ, ਸਾਡੇ ਵਰਗੇ ਲੋਕਾਂ ਲਈ ਇੱਕੋ ਰਾਹ ਬਚਦਾ ਹੈ ਕਿ ਉਹ ਖ਼ੁਦ ਨਿਰਮਾਤਾ ਬਣਨ।’’
ਬੇਸ਼ੱਕ, ਫਿਲਮਸਾਜ਼ ਅਕਸਰ ਗੱਲ ਕਰਦੇ ਹਨ ਕਿ ਬੌਲੀਵੁੱਡ ਦਾ ਰਾਹ ਬਹੁਤ ਔਖਾ ਹੈ, ਪਰ ਸੁਨਹਿਰੀ ਮੌਕਾ ਆਪ ਹੀ ਆ ਕੇ ਰਾਜੀਵ ਦੀ ਝੋਲੀ ’ਚ ਡਿੱਗ ਗਿਆ ਜਦ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਨਿਰਦੇਸ਼ਕ ਪੰਕਜ ਸਾਰਸਵਤ ਨੇ ਅੰਮ੍ਰਿਤਸਰ ਵਿੱਚ ਉਸ ਦਾ ਨਾਟਕ ‘ਮਿਰਚ ਮਸਾਲਾ’ ਦੇਖਿਆ। ਸੁਭਾਵਿਕ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਜਿਸ ਸ਼ਹਿਰ ’ਚ ਹੈ, ਤੇ ਜਿੱਥੇ ਰਾਜੀਵ ਜੰਮਿਆ-ਪਲਿਆ, ਉਸ ਨੇ ਉਸ ਨੂੰ ਬਹੁਤ ਕੁਝ ਸਿਖਾਇਆ ਹੈ। ਰਾਜੀਵ ਦੱਸਦਾ ਹੈ, ‘‘ਆਖਰਕਾਰ, ਇਹ ਉਹ ਸ਼ਹਿਰ ਹੈ ਜਿੱਥੇ ਰੰਗਮੰਚ ਦਾ 100 ਸਾਲ ਪੁਰਾਣਾ ਇਤਿਹਾਸ ਹੈ।’’ ਪਟਿਆਲਾ ਦੀ ਫਿਲਮ ਤੇ ਸਿਖਲਾਈ ਸੰਸਥਾ ਦਾ ਵੀ ਉਸ ਨੂੰ ਸਿਖਾਉਣ ਵਿੱਚ ਅਹਿਮ ਯੋਗਦਾਨ ਰਿਹਾ। ਹਾਲਾਂਕਿ ਰਾਜੀਵ ਢੀਂਗਰਾ ਨੇ ਵੱਕਾਰੀ ਫਿਲਮ ਤੇ ਟਰੇਨਿੰਗ ਸੰਸਥਾ ਪੁਣੇ ਵਿੱਚ ਵੀ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਤੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਵੀ। ਇਨ੍ਹਾਂ ਨਾਕਾਮ ਕੋਸ਼ਿਸ਼ਾਂ ਨੇ ਉਸ ਨੂੰ ਉਲਟਾ ਹੋਰ ਪ੍ਰੇਰਿਤ ਕੀਤਾ ਅਤੇ ਉਸ ਦੀ ਭੀੜ ਦਾ ਹਿੱਸਾ ਨਾ ਬਣਨ ਦੀ ਗਹਿਰੀ ਇੱਛਾ ਵਿਕਸਿਤ ਹੋਈ। ‘ਸ਼ਾਹਕੋਟ’ ਦਾ ਸਿਖ਼ਰ ਇੱਕ ਯਥਾਰਥਵਾਦੀ ਸੁਰ ’ਤੇ ਹੋਣ ਪਿਛਲਾ ਕਾਰਨ ਸਮਝਾਉਂਦਿਆਂ ਉਹ ਕਹਿੰਦਾ ਹੈ, ‘‘ਕੋਵਿਡ ਤੋਂ ਬਾਅਦ, ਓਟੀਟੀ ਦੀ ਵਰਤੋਂ ਵਧਣ ਕਰ ਕੇ ਸਰੋਤਿਆਂ ਦਾ ਸੁਆਦ ਨਾਟਕੀ ਢੰਗ ਨਾਲ ਬਦਲਿਆ ਹੈ। ਉਹ ਹੁਣ ਅਸਲੀਅਤ ਦੇਖਣਾ ਚਾਹੁੰਦੇ ਹਨ।’’ ਕੀ ਪੰਜਾਬੀ ਸਿਨੇਮਾ ਸਰੋਤਿਆਂ ਦੀ ਮੰਗ ਮੁਤਾਬਕ ਢੁੱਕਵਾਂ ਹੈ, ਇਸ ’ਤੇ ਉਹ ਉਤਸ਼ਾਹਿਤ ਹੋ ਕੇ ਪੌਲੀਵੁੱਡ ਦਾ ਭਵਿੱਖ ਰੋਸ਼ਨ ਹੋਣ ਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ, ‘‘ਅਤੀਤ ’ਚ ਪੰਜਾਬੀ ਫਿਲਮ ਇੰਡਸਟਰੀ ਨੂੰ ਦੋ ਪਾਸਿਓਂ ਮਾਰ ਪਈ। ਵੰਡ ਤੋਂ ਬਾਅਦ ਫਿਲਮ ਉਦਯੋਗ ਲਾਹੌਰ ਤੋਂ ਅੰਮ੍ਰਿਤਸਰ ਤੇ ਫਿਰ ਬੰਬਈ ਆ ਗਿਆ। ਮਗਰੋਂ ਅਤਿਵਾਦ ਦੇ ਹਨੇਰੇ ਦੌਰ ਨੇ ਵੀ ਗਹਿਰੀ ਸੱਟ ਮਾਰੀ।’’
ਹਾਲ ਹੀ ਦੇ ਸਾਲਾਂ ਵਿੱਚ ਪੰਜਾਬੀ ਸਟਾਰਾਂ ਦੇ ਕੈਨੇਡਾ ਜਾ ਕੇ ਵਸਣ ਬਾਰੇ ਉਹ ਕੀ ਸੋਚਦਾ ਹੈ? ਕੀ ਇਹ ਇੰਡਸਟਰੀ ਲਈ ਚੰਗਾ ਹੈ? ਰਾਜੀਵ ਫਿਰ ਜੜਾਂ ਵੱਲ ਮੁੜਦਾ ਹੈ। ਉਹ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨਾਲ ਜੁੜੀ ਕਹਾਣੀ ਨੂੰ ਚੇਤੇ ਕਰਦਾ ਹੈ ਕਿ ਕਿਵੇਂ ਉਨ੍ਹਾਂ ਨੇ ਚੰਗੇ ਲੋਕਾਂ ਨੂੰ ਉੱਜੜਨ ਦਾ ਆਸ਼ੀਰਵਾਦ ਦਿੱਤਾ ਤੇ ਬੁਰਿਆਂ ਦੇ ਇੱਕੋ ਪਿੰਡ ਵਿੱਚ ਵਸੇ ਰਹਿਣ ਬਾਰੇ ਕਿਹਾ, ਤਾਂ ਕਿ ਚੰਗਿਆਈ ਹਰ ਪਾਸੇ ਫੈਲੇ। ‘ਪੰਜਾਬ ਦੇ ਨੌਜਵਾਨਾਂ’ ਨੇ, ਉਨ੍ਹਾਂ ਮੁਤਾਬਕ ਪੰਜਾਬ ਦੇ ਨਕਸ਼ੇ ਦਾ ਵਿਸਤਾਰ ਕੀਤਾ ਹੈ। ਅੱਜ, ਸ਼ਾਇਦ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਬੱਚੇ ਆਪਣੀ ਮਿੱਟੀ ਤੋਂ ਦੂਰ ਹੋ ਗਏ ਹਨ, ਪਰ ਆਉਣ ਵਾਲੇ ਸਮੇਂ ਵਿੱਚ ਇਹ ਸਾਡੇ ਲਈ ਵੱਡਾ ਵਰਦਾਨ ਬਣੇਗਾ।’’
ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਬੈਠਾ ਪੰਜਾਬੀ ਭਾਈਚਾਰਾ ਪੰਜਾਬੀ ਸਿਨੇਮਾ ਦੀ ਵੱਡੀ ਮਾਰਕੀਟ ਬਣ ਚੁੱਕਾ ਹੈ। ਉਹ ਦੱਸਦਾ ਹੈ ਕਿ ‘ਕਈ ਵਾਰ ਵੱਡੇ ਸਟਾਰ ਕਲਾਕਾਰ ਵਾਲੀ ਹਿੰਦੀ ਫਿਲਮ ਵੀ ਮੁਸ਼ਕਲ ਨਾਲ 50 ਕਰੋੜ ਰੁਪਏ ਕਮਾਉਂਦੀ ਹੈ, ਪਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਇਸ ਤੋਂ ਵੱਧ ਕਾਰੋਬਾਰ ਕਰ ਰਹੀਆਂ ਹਨ।’’ ਉਸ ਨੇ ਦੱਸਿਆ ਕਿ ‘ਸ਼ਾਹਕੋਟ 2’ ਬਣ ਰਹੀ ਹੈ ਅਤੇ ਇਹ ਹਿੰਦੀ ’ਚ ਹੈ ਜਿਸ ਵਿੱਚ ਨਵਾਜ਼ੂਦੀਨ ਸਿੱਦੀਕੀ ਹਨ। ਰਾਜੀਵ ਢੀਂਗਰਾ ਨੂੰ ਯਕੀਨ ਹੈ ਕਿ ਵੱਡੇ ਨਿਰਮਾਤਾ ਵੀ ਜਲਦੀ ਪੰਜਾਬੀ ਫਿਲਮਾਂ ਨੂੰ ਹੱਥ ਪਾਉਣਗੇ, ਆਖਰਕਾਰ ਪੰਜਾਬੀ ਐਨੀ ਖ਼ੂਬਸੂਰਤ ਭਾਸ਼ਾ ਹੈ ਜੋ ਹੱਦਾਂ-ਸਰਹੱਦਾਂ ਤੋੜ ਰਹੀ ਹੈ।

Advertisement
Advertisement