ਰਾਜਿੰਦਰ ਸਿੰਘ ਯਾਦਗਾਰੀ ਬਾਲ ਮੇਲਾ ਸਮਾਪਤ
ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 26 ਨਵੰਬਰ
ਸੰਗਰੂਰ ਕਲਾ ਕੇਂਦਰ ਅਤੇ ਰੰਗਸ਼ਾਲਾ ਮੰਚ ਸੰਗਰੂਰ ਵਲੋਂ ਰਾਮ ਵਾਟਿਕਾ ਬੱਗੀਖਾਨਾ ਗਰਾਊਂਡ ਵਿੱਚ ਕਰਵਾਇਆ 30ਵਾਂ ਜਰਨਲਿਸਟ ਰਾਜਿੰਦਰ ਸਿੰਘ ਯਾਦਗਾਰੀ ਬਾਲ ਮੇਲਾ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਡਾਇਰੈਕਟਰ ਯਸ਼ ਦੀ ਅਗਵਾਈ ਹੇਠ ਹੋਏ ਇਸ ਮੇਲੇ ਵਿੱਚ ਸਮੁੱਚੇ ਪੰਜਾਬ ਤੋਂ ਸੈਂਕੜੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਮੇਲੇ ਦੇ ਅਖੀਰਲੇ ਦਿਨ ਦੀ ਸ਼ੁਰੂਆਤ ਐਡਵੋਕੇਟ ਦਿਨੇਸ਼ ਕੁਮਾਰ ਨੇ ਕੀਤੀ। ਇਸ ਮੌਕੇ ਲੜਕੀਆਂ ਦੇ ਸੋਲੋ ਡਾਂਸ, ਗਰੁੱਪ ਕਲਾਸੀਕਲ ਡਾਂਸ, ਗਰੁੱਪ ਡਾਂਸ ਫੋਕ ਅਤੇ ਕੋਰੀਓਗ੍ਰਾਫੀ ਅਤੇ ਮਾਈਮ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੀ ਜੱਜਮੈਂਟ ਅਮਨ ਢੀਂਡਸਾ, ਪਾਇਲ ਗਰਗ, ਸੁਖਵਿੰਦਰ ਸੁੱਖੀ, ਕੋਮਲਪ੍ਰੀਤ ਕੌਰ ਤੇ ਨੀਰੂ ਮਿੱਤਲ ਨੇ ਕੀਤੀ| ਸਮਾਗਮ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਰਹੇ। ਮੇਲੇ ਦੀ ਪ੍ਰਧਾਨਗੀ ਆਈਟੀਆਈ ਚੇਅਰਮੈਨ ਸੰਦੀਪ ਬਾਂਸਲ ਮੋਨੂੰ ਨੇ ਕੀਤੀ, ਜਦਕਿ ਐਸਡੀਐਮ ਪ੍ਰਮੋਦ ਸਿੰਗਲਾ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਰਹੇ| ਮੇਲੇ ਦੌਰਾਨ ਰਾਜੀਵ ਜਿੰਦੀਆਂ, ਹਰਜਿੰਦਰ ਸਿੰਘ ਦੁੱਗਾਂ, ਪਰਮਜੀਤ ਸਿੰਘ ਲੱਡਾ, ਐਡਵੋਕੇਟ ਬੀਕੇ ਗੋਇਲ, ਰਾਮ ਨਿਵਾਸ ਸ਼ਰਮਾ, ਤਰਸੇਮ ਸਿੰਗਲਾ, ਵਿਜੈ ਕੁਮਾਰ ਅਤੇ ਹਰੀ ਓਮ ਜਿੰਦਲ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅੱਜ ਦੇ ਮੁਕਾਬਲਿਆਂ ਵਿੱਚ ਗਰੁੱਪ ਕਲਾਸੀਕਲ ਡਾਂਸ ਵਿੱਚ ਸਬਰੰਗ ਅਕੈਡਮੀ ਨੇ ਪਹਿਲਾ ਅਤੇ ਡਾਂਸਿਗ ਫੀਟ ਅਕੈਡਮੀ ਦੂਜੇ ਸਥਾਨ ’ਤੇ ਰਹੀ। ਲੋਕ ਨਾਚ ਵਿੱਚ ਭੰਗੜੇ ਦਾ ਦਬਦਬਾ ਰਿਹਾ।
ਓਵਰਆਲ ਪਰਮਜੀਤ ਗਾਗਾ ਯਾਦਗਾਰੀ ਟਰਾਫੀ ਤੇ ਡਾਂਸਿੰਗ ਫੀਟ ਅਕੈਡਮੀ ਲਗਾਤਾਰ ਚੌਥੀ ਵਾਰ ਕਾਬਜ਼ ਰਹੀ ਅਤੇ ਪ੍ਰਫਾਰਮਿੰਗ ਭੰਗੜਾ ਆਰਟ ਨੇ ਦੂਜਾ ਸਥਾਨ ਹਾਸਲ ਕੀਤਾ।