ਬਲਬੇੜਾ ਕਬੱਡੀ ਕੱਪ ਵਿੱਚ ਰਾਜਗੜ੍ਹ ਦਾ ਜਿੱਤ ਨਾਲ ਆਗਾਜ਼
ਪੱਤਰ ਪ੍ਰੇਰਕ
ਡਕਾਲਾ, 14 ਨਵੰਬਰ
ਇਲਾਕੇ ’ਚ ਸਥਿਤ ਕਸਬਾ ਬਲਬੇੜਾ ਵਿੱਚ ਕੌਮਾਂਤਰੀ ਕਬੱਡੀ ਖਿਡਾਰੀ ਮਰਹੂਮ ਅਵਤਾਰ ਸਿੰਘ ਦੀ ਯਾਦ ’ਚ ਐੱਨਆਰਆਈ ਭਰਾਵਾਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 26ਵੇਂ ਦੋ ਰੋਜ਼ਾ ਕਬੱਡੀ ਕੱਪ ਦਾ ਸ਼ਾਨਦਾਰ ਆਗਾਜ਼ ਹੋਇਆ। ਟੂਰਨਾਮੈਂਟ ਦਾ ਉਦਘਾਟਨ ਡੇਰਾ ਬਾਬਾ ਬਖਤਾ ਨਾਥ ਦੇ ਗੱਦੀ ਨਸ਼ੀਨ ਬਾਬਾ ਸ਼ਾਂਤੀ ਨਾਥ ਵੱਲੋਂ ਕੀਤਾ ਗਿਆ। ਇਹ ਟੂਰਨਾਮੈਂਟ ਆਸਟਰੇਲੀਆ ਰਹਿੰਦੇ ਪਿੰਡ ਦੇ ਨੌਜਵਾਨ ਹਰਮੇਸ਼ ਸਿੰਘ ਰੋਡਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ 35 ਕਿਲੋ ਵਜ਼ਨ ਵਰਗ ’ਚ ਬਘੌਰਾ ਪਹਿਲੇ ਤੇ ਛੀਟਾਂਵਾਲਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਜਦੋਂਕਿ 45 ਕਿਲੋ ’ਚ ਰਾਜਗੜ੍ਹ ਫਗਵਾੜਾ ਪਹਿਲੇ ਅਤੇ ਭਾਦਸੋਂ ਦੂਜੇ, 60 ਕਿਲੋ ’ਚ ਮਟੋਰ ਹਰਿਆਣਾ ਪਹਿਲੇ ਅਤੇ ਬਲਬੇੜਾ ਦੂਜੇ ਅਤੇ 85 ਕਿਲੋ ’ਚ ਹਿਸਾਰ ਪਹਿਲੇ ਅਤੇ ਰਾਏਧਰਾਣਾ ਦੂਜੇ ਸਥਾਨ ’ਤੇ ਰਹੇ। ਇਸ ਮੌਕੇ ਸਮਾਜ ਸੇਵੀ ਸੁਖਬੀਰ ਸਿੰਘ ਬਲਬੇੜਾ, ਰਣਜੀਤ ਸਿੰਘ ਤਾਜਲਪੁਰ, ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਯੂਥ ਪ੍ਰਧਾਨ ਹੈਪੀ ਪਹਾੜਪੁਰ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਅੰਟਾਲ, ਜ਼ੋਰਾ ਸਿੰਘ ਬਲਬੇੜਾ, ਪਰਮਜੀਤ ਸਿੰਘ ਮਹਿਮੂਦਪੁਰ, ਗੁਰਮੇਲ ਸਿੰਘ ਘੁੰਮਣ ਆਦਿ ਹਾਜ਼ਰ ਸਨ।