ਰਾਜਸਥਾਨ: ਕਾਰ ਤੇ ਟਰੱਕ ਦੀ ਟੱਕਰ ਵਿੱਚ ਪਰਿਵਾਰ ਦੇ ਸੱਤ ਜੀਅ ਜਿਊਂਦੇ ਸੜੇ
ਜੈਪੁਰ, 14 ਅਪਰੈਲ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਅੱਜ ਦੁਪਹਿਰ ਵੇਲੇ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਇਕ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਦੋ ਬੱਚਿਆਂ ਤੇ ਤਿੰਨ ਔਰਤਾਂ ਸਣੇ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਸੱਤ ਮੈਂਬਰ ਜਿਊਂਦੇ ਸੜ ਗਏ। ਕਾਰ ਸਵਾਰ ਇਹ ਵਿਅਕਤੀ ਉੱਤਰ ਪ੍ਰਦੇਸ਼ ਦੇ ਮੇਰਠ ਦੇ ਵਸਨੀਕ ਸਨ ਅਤੇ ਸਾਲਾਸਰ ਬਾਲਾਜੀ ਮੰਦਰ ਤੋਂ ਹਿਸਾਰ ਵੱਲ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਡੀਐੱਸਪੀ ਫ਼ਤਹਿਪੁਰ ਸਰਕਲ ਰਾਮਪ੍ਰਤਾਪ ਬਿਸ਼ਨੋਈ ਨੇ ਦੱਸਿਆ ਕਿ ਅਰਸ਼ੀਵਾਦ ਪੁਲੀਆ ਨੇੜੇ ਇਕ ਟਰੱਕ ਵਿੱਚ ਪਿੱਛੋਂ ਆ ਕੇ ਵੱਜੀ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਦੋ ਬੱਚਿਆਂ ਤੇ ਤਿੰਨ ਔਰਤਾਂ ਸਣੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਕਾਰ ਚਾਲਕ ਟਰੱਕ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸੇ ਦੌਰਾਨ ਅੱਜ ਸਵੇਰੇ ਕੋਟਾ ਵਿੱਚ ਮੁੰਡਿਆਂ ਦੇ ਇਕ ਹੋਸਟਲ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਅੱਠ ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਦੱਸੀ ਗਈ ਹੈ। ਇਹ ਘਟਨਾ ਕੋਟਾ ਦੇ ਲਕਸ਼ਣ ਵਿਹਾਰ ਵਿੱਚ ਸਥਿਤ ਆਦਰਸ਼ ਰੈਜ਼ੀਡੈਂਸੀ ਹੋਸਟਲ ’ਚ ਵਾਪਰੀ। ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਮਾਪਦੰਡਾਂ ਨੂੰ ਅਣਗੌਲਿਆਂ ਕਰਨ ਅਤੇ ਐੱਨਓਸੀ ਨਾ ਹੋਣ ਕਾਰਨ ਹੋਸਟਲ ਨੂੰ ਸੀਲ ਕਰ ਦਿੱਤਾ ਹੈ। -ਪੀਟੀਆਈ