Rajasthan: ਜੈਸਲਮੇਰ ’ਚ ਟਿਊਬਵੈੱਲ ਲਈ ਖੁਦਾਈ ਦੌਰਾਨ ਜ਼ਮੀਨ ਧਸੀ
ਜੈਸਲਮੇਰ, 29 ਦਸੰਬਰ
ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਟਿਊਬਵੈੱਲ ਲਈ ਖੁਦਾਈ ਦੌਰਾਨ ਜ਼ਮੀਨ ਧਸ ਗਈ, ਜਿਸ ਕਾਰਨ ਬੋਰਵੈੱਲ ਮਸ਼ੀਨ ਵੀ ਖੱਡੇ ਵਿੱਚ ਡਿੱਗ ਗਈ ਅਤੇ ਜ਼ਮੀਨ ’ਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ।
ਇੱਕ ਅਧਿਕਾਰੀ ਅੱਜ ਇੱਥੇ ਨੇ ਦੱਸਿਆ ਕਿ ਪਾਣੀ ਨਾਲ ਗੈਸ ਅਤੇ ਚਿੱਕੜ ਵੀ ਨਿਕਲਣ ਕਾਰਨ ਟਿਊਬਵੈੱਲ ਦੀ ਖੁਦਾਈ ਕਰ ਰਹੇ ਕਾਮੇ ਅਤੇ ਪਿੰਡ ਵਾਸੀ ਦਹਿਸ਼ਤ ’ਚ ਆ ਗਏ। ਅਧਿਕਾਰੀ ਨੇ ਦੱਸਿਆ ਕਿ ਪਾਣੀ ਦੇ ਦਬਾਅ ਕਾਰਨ ਮੌਕੇ ’ਤੇ ਇੱਕ ਵੱਡਾ ਖੱਡਾ ਬਣ ਗਿਆ, ਜਿਸ ਵਿੱਚ ਬੋਰਵੈੱਲ ਮਸ਼ੀਨ ਡਿੱਗ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ ’ਤੇ ਪੁਲੀਸ, ਪ੍ਰਸ਼ਾਸਨ ਅਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ।
ਮੋਹਨਗੜ੍ਹ ਦੇ ਸਬ-ਤਹਿਸੀਲਦਰ ਲਲਿਤ ਚਰਨ ਨੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਨੂੰ ਚੱਕ 27 ਬੀਡੀ ਦੇ ਤਿੰਨ ਜ਼ੋਰਾ ਮਾਈਨਰ ਨੇੜੇ ਵਿਕਰਮ ਸਿੰਘ ਦੇ ਖੇਤ ’ਚ ਇੱਕ ਟਿਊਬਵੈੱਲ ਲਈ ਖੁਦਾਈ ਦੌਰਾਨ ਵਾਪਰੀ। ਉਨ੍ਹਾਂ ਦੱਸਿਆ ਕਿ ਕਰੀਬ 850 ਫੁੱਟ ਖੁਦਾਈ ਮਗਰੋ ਅਚਾਨਕ ਤੇਜ਼ ਪ੍ਰੈਸ਼ਰ ਨਾਲ ਪਾਣੀ ਨਿਕਲਣ ਲੱਗਿਆ ਅਤੇ ਪਾਣੀ ਜ਼ਮੀਨ ਤੋਂ ਚਾਰ ਫੁੱਟ ਉੱਪਰ ਤੱਕ ਵਹਿਣ ਲੱਗਿਆ।
ਉਨ੍ਹਾਂ ਦੱਸਿਆ ਕਿ ਪਾਣੀ ਦੇ ਪ੍ਰੈਸ਼ਰ ਕਾਰਨ ਮੌਕੇ ’ਤੇ ਇੱਕ ਵੱਡਾ ਖੱਡਾ ਬਣ ਗਿਆ। ਲਲਿਤ ਚਰਨ ਨੇ ਦੱਸਿਆ ਕਿ ਓਐੱਨਜੀਸੀ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਬੋਰਵੈੱਲ ਤੋਂ ਨਿਕਲਣ ਵਾਲੀ ਗੈਸ ਨੂੰ ਆਮ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਗੈਸ ਨਾ ਤਾਂ ਜ਼ਹਿਰੀਲੀ ਹੈ ਅਤੇ ਨਾ ਹੀ ਜਲਣਸ਼ੀਲ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸਨ ਨੇ ਬਾੜਮੇਰ ਸਥਿਤ ਕੇਇਰਨ ਅਨੈਰਜੀ (ਵੇਦਾਂਤਾ) ਦੀ ਟੀਮ ਨਾਲ ਸੰਪਰਕ ਕੀਤਾ ਹੈ ਅਤੇ ਟੀਮ ਦੇ ਦੋ ਮੈਂਬਰ ਮੌਕੇ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਵਹਿਣ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ