ਰਾਜਸਥਾਨ: ਉਦੈਪੁਰ ’ਚ ਹਿੰਸਾ ਮਗਰੋਂ ਇੰਟਰਨੈੱਟ ਸੇਵਾਵਾਂ ਮੁਅੱਤਲ
ਜੈਪੁਰ, 17 ਅਗਸਤ
ਰਾਜਸਥਾਨ ਦੇ ਉਦੈਪੁਰ ਵਿਚ ਸਰਕਾਰੀ ਸਕੂਲ ਵਿਚ 10ਵੀਂ ਦੇ ਵਿਦਿਆਰਥੀ ਵੱਲੋਂ ਸਾਥੀ ਵਿਦਿਆਰਥੀ ਨੂੰ ਚਾਕੂ ਮਾਰਨ ਤੋਂ ਬਾਅਦ ਪੈਦਾ ਹੋਏ ਫਿਰਕੂ ਤਣਾਅ ਕਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਲੰਘੀ ਰਾਤ ਤੋਂ 24 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਉਦੈਪੁਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਗਲੇ ਹੁਕਮਾਂ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਹਮਲੇ ’ਚ ਜ਼ਖਮੀ ਹੋਏ ਵਿਦਿਆਰਥੀ ਦਾ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਅਤੇ ਮੁਲਜ਼ਮ ਵਿਦਿਆਰਥੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਦੋਵੇਂ ਵਿਦਿਆਰਥੀ ਨਾਬਾਲਗ ਹਨ। ਚਾਕੂਬਾਜ਼ੀ ਤੋਂ ਬਾਅਦ ਫਿਰਕੂ ਹਿੰਸਾ ਦੌਰਾਨ ਕਾਰਾਂ ਫੂਕ ਦਿੱਤੀਆਂ ਗਈਆਂ ਤੇ ਪਥਰਾਅ ਕੀਤਾ ਗਿਆ। ਜ਼ਿਲ੍ਹਾ ਕੁਲੈਕਟਰ ਅਰਵਿੰਦ ਪੋਸਵਾਲ ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਦੇਖਦਿਆਂ ਜ਼ਿਲ੍ਹੇ ਵਿਚਲੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਖ਼ਮੀ ਵਿਦਿਆਰਥੀ ਦੇ ਇਲਾਜ ਲਈ ਤਿੰਨ ਡਾਕਟਰਾਂ ਦੀ ਟੀਮ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਜੈਪੁਰ ਤੋਂ ਉਦੈਪੁਰ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੀ ਹਾਲਤ ਸਥਿਰ ਹੈ। ਡਿਵੀਜ਼ਨਲ ਕਮਿਸ਼ਨਰ ਰਾਜੇਂਦਰ ਭੱਟ ਵੱਲੋਂ ਜਾਰੀ ਹੁਕਮਾਂ ਮਗਰੋਂ ਉਦੈਪੁਰ ਸ਼ਹਿਰ, ਬੇਡਲਾ, ਬਡਗਾਓਂ, ਬਲੀਚਾ, ਦੇਬਰੀ, ਏਕਲਿੰਗਪੁਰਾ, ਕਾਨਪੁਰ, ਢੀਕਲੀ ਤੇ ਭੁਵਾਣਾ ਇਲਾਕੇ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ 24 ਘੰਟੇ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀ ਨੇ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ। -ਪੀਟੀਆਈ