ਰਾਜਸਥਾਨ: ਆਜ਼ਾਦ ਵਿਧਾਇਕ ਨੇ ਸਰਕਾਰੀ ਕੰਮ ’ਚ ਅੜਿੱਕਾ ਪਾਇਆ; ਕੇਸ ਦਰਜ
ਜੈਪੁਰ, 17 ਨਵੰਬਰ
ਜੈਸਲਮੇਰ ਜ਼ਿਲ੍ਹੇ ਵਿਚ ਇਕ ਨਿੱਜੀ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦੇ ਦੋਸ਼ ਹੇਠ ਆਜ਼ਾਦ ਵਿਧਾਇਕ ਰਾਵਿੰਦਰ ਸਿੰਘ ਭਾਟੀ ’ਤੇ ਕੇਸ ਦਰਜ ਕੀਤਾ ਗਿਆ ਹੈ। ਵਿਧਾਇਕ ਨੇ ਕਥਿਤ ਤੌਰ ’ਤੇ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਏ ਦੋ ਨੌਜਵਾਨਾਂ ਨੂੰ ਪੁਲੀਸ ਦੀ ਹਿਰਾਸਤ ਵਿੱਚੋਂ ਛੁਡਵਾਇਆ। ਇਸ ਤੋਂ ਪਹਿਲਾਂ ਪੁਲੀਸ ਨੇ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਸੀ, ਇਸ ਤੋਂ ਬਾਅਦ ਹਲਕਾ ਸ਼ੀਓ (ਬਾੜਮੇਰ) ਦੇ ਵਿਧਾਇਕ ਨੇ ਨੌਜਵਾਨਾਂ ਨੂੰ ਪੁਲੀਸ ਜੀਪ ’ਚੋਂ ਉਤਰਨ ਲਈ ਕਿਹਾ ਤੇ ਇਹ ਨੌਜਵਾਨ ਜੀਪ ਤੋਂ ਉਤਰ ਕੇ ਚਲੇ ਗਏ। ਜੈਸਲਮੇਰ ਦੇ ਪੁਲੀਸ ਸੁਪਰਡੈਂਟ ਸੁਧੀਰ ਚੌਧਰੀ ਦੇ ਨਿਰਦੇਸ਼ਾਂ ’ਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਝਿੰਝਿਆਲੀ ਪੁਲੀਸ ਸਟੇਸ਼ਨ ਵਿੱਚ ਵਿਧਾਇਕ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਸੀਆਈਬੀ-ਸੀਬੀ ਵੱਲੋਂ ਕੀਤੀ ਜਾਵੇਗੀ। ਪੁਲੀਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜੈਸਲਮੇਰ ਦੇ ਬਈਆ ’ਚ ਇਕ ਨਿੱਜੀ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ ਖਲਲ ਪਾਉਣ ਦੇ ਦੋਸ਼ ’ਚ ਦੋ ਪਿੰਡ ਵਾਸੀਆਂ ਨੂੰ ਹਿਰਾਸਤ ’ਚ ਲਿਆ ਗਿਆ ਸੀ।
ਪੁਲੀਸ ਨੇ ਉਨ੍ਹਾਂ ਨੂੰ ਧਰਨੇ ਵਾਲੀ ਥਾਂ ਤੋਂ ਚੁੱਕ ਕੇ ਪੁਲੀਸ ਜੀਪ ਵਿੱਚ ਬਿਠਾ ਦਿੱਤਾ। ਵਿਧਾਇਕ ਨੇ ਉੱਥੇ ਪਹੁੰਚ ਕੇ ਦਖ਼ਲ ਦੇ ਕੇ ਉਨ੍ਹਾਂ ਨੂੰ ਛੁਡਵਾਇਆ। ਬਈਆ ਪਿੰਡ ਵਿੱਚ ਜਿੱਥੇ ਇੱਕ ਨਿੱਜੀ ਕੰਪਨੀ ਗਰਿੱਡ ਸਬ ਸਟੇਸ਼ਨ (ਜੀਐੱਸਐੱਸ) ਦਾ ਨਿਰਮਾਣ ਕਰ ਰਹੀ ਹੈ, ਉਥੇ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਭਾਟੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ। -ਪੀਟੀਆਈ