ਰਾਜਸਥਾਨ: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਐੱਫਆਈਆਰ ਦਰਜ
ਜੈਪੁਰ, 29 ਸਤੰਬਰ
ਜੈਪੁਰ ਪੁਲੀਸ ਨੇ ਇਕ ਨਿਊਜ਼ ਚੈਨਲ ’ਤੇ ਪਿਛਲੇ ਸਾਲ ਮਾਰਚ ਵਿੱਚ ਪ੍ਰਸਾਰਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਸਬੰਧ ਵਿੱਚ ਐੱਫਆਈਆਰ ਦਰਜ ਕੀਤੀ ਹੈ। ਜੈਪੁਰ ਪੁਲੀਸ ਦੇ ਕਮਿਸ਼ਨਰ ਬੀਜੂ ਜੌਰਜ ਜੌਸਫ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਜੈਪੁਰ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਪੰਜਾਬ ਪੁਲੀਸ ਨੇ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਸੀ। ਡੀਸੀਪੀ ਜੈਪੁਰ (ਪੂਰਬ) ਤੇਜਸਵਿਨੀ ਗੌਤਮ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਸਿਟ ਨੇ ਪਾਇਆ ਕਿ ਇੰਟਰਵਿਊ ਦੇ ਸਮੇਂ ਬਿਸ਼ਨੋਈ ਜੈਪੁਰ ਜੇਲ੍ਹ ਵਿੱਚ ਸੀ। ਜੈਪੁਰ ਕੇਂਦਰੀ ਜੇਲ੍ਹ ਲਾਲਕੋਠੀ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਇਸ ਵਾਸਤੇ ਮਾਮਲਾ ਇੱਥੇ ਹੀ ਦਰਜ ਕੀਤਾ ਗਿਆ। ਗਾਂਧੀ ਨਗਰ ਦੇ ਸਹਾਇਕ ਪੁਲੀਸ ਕਮਿਸ਼ਨਰ ਨਾਰਾਇਣ ਕੁਮਾਰ ਬਾਰੀਆ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ