ਰਾਜਸਥਾਨ ਨੇ ਪੰਜਾਬ ਨੂੰ ਤਿੰਨ ਵਿਕਟਾਂ ਨਾਲ ਹਰਾਇਆ
ਮੁੱਲਾਂਪੁਰ, 13 ਅਪਰੈਲ
ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਵੱਲੋਂ ਦਿੱਤਾ 148 ਦੌੜਾਂ ਦਾ ਟੀਚਾ ਰਾਜਸਥਾਨ ਦੀ ਟੀਮ ਨੇ 19.5 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 152 ਦੌੜਾਂ ਬਣਾ ਕੇ ਪੂਰਾ ਕਰ ਲਿਆ। ਟੀਮ ਵੱਲੋਂ ਯਸ਼ਸਵੀ ਜੈਸਵਾਲ ਨੇ 39, ਸ਼ਿਮਰੋਨ ਹੈਟਮਾਇਰ ਨੇ ਨਾਬਾਦ 27, ਰਿਆਨ ਪਰਾਗ ਨੇ 23 ਅਤੇ ਤਨੁਸ਼ ਕੋਟੀਆਂ ਨੇ 24 ਦੌੜਾਂ ਦਾ ਯੋਗਦਾਨ ਦਿੱਤਾ। ਪੰਜਾਬ ਲਈ ਕਾਗਿਸੋ ਰਬਾਡਾ ਤੇ ਸੈਮ ਕਰਨ ਨੇ ਦੋ-ਦੋ ਜਦਕਿ ਅਰਸ਼ਦੀਪ ਸਿੰਘ, ਲਿਆਮ ਲਿਵਿੰਗਸਟੋਨ ਤੇ ਹਰਸ਼ਲ ਪਟੇਲ ਨੇ ਇੱਕ-ਇੱਕ ਵਿਕਟ ਲਈ।
ਇਸ ਤੋਂ ਪਹਿਲਾਂ ਕੇਸ਼ਵ ਮਹਾਰਾਜ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦੀ ਟੀਮ ਅੱਠ ਵਿਕਟਾਂ ’ਤੇ 147 ਦੌੜਾਂ ਹੀ ਬਣਾ ਸਕੀ। ਮਹਾਰਾਜ ਨੇ ਚਾਰ ਓਵਰਾਂ ਵਿੱਚ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਸ ਨੂੰ ਆਵੇਸ਼ ਖਾਨ (34 ਦੌੜਾਂ ’ਤੇ ਦੋ ਵਿਕਟਾਂ), ਟ੍ਰੈਂਟ ਬੋਲਟ (22 ਦੌੜਾਂ ’ਤੇ ਇਕ ਵਿਕਟ), ਯੁਜ਼ਵੇਂਦਰ ਚਾਹਲ (31 ਦੌੜਾਂ ’ਤੇ ਇਕ ਵਿਕਟ) ਅਤੇ ਕੁਲਦੀਪ ਸੇਨ (35 ਦੌੜਾਂ ’ਤੇ ਇਕ ਵਿਕਟ) ਦਾ ਚੰਗਾ ਸਾਥ ਮਿਲਿਆ। ਪੰਜਾਬ ਦੀ ਟੀਮ 13ਵੇਂ ਓਵਰ ’ਚ 70 ਦੌੜਾਂ ’ਤੇ ਪੰਜ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਆਸ਼ੂਤੋਸ਼ ਸ਼ਰਮਾ (16 ਗੇਂਦਾਂ ’ਚ 31 ਦੌੜਾਂ), ਜਿਤੇਸ਼ ਸ਼ਰਮਾ (24 ਗੇਂਦਾਂ ’ਚ 29 ਦੌੜਾਂ) ਅਤੇ ਲਿਆਮ ਲਿਵਿੰਗਸਟੋਨ (14 ਗੇਂਦਾਂ ’ਚ 21 ਦੌੜਾਂ) ਨੇ ਆਖਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਿਆ। ਆਸ਼ੂਤੋਸ਼ ਨੇ ਆਪਣੀ ਪਾਰੀ ਵਿੱਚ ਤਿੰਨ ਛੱਕੇ ਅਤੇ ਇੱਕ ਚੌਕਾ ਜੜਿਆ ਜਦਕਿ ਜਿਤੇਸ਼ ਨੇ ਇੱਕ ਚੌਕਾ ਤੇ ਦੋ ਛੱਕੇ ਲਾਏ। ਪੰਜਾਬ ਨੂੰ ਜ਼ਖਮੀ ਕਪਤਾਨ ਸ਼ਿਖਰ ਧਵਨ ਦੀ ਘਾਟ ਰੜਕਦੀ ਰਹੀ। ਉਸ ਦੀ ਜਗ੍ਹਾ ਟੀਮ ਵਿੱਚ ਆਇਆ ਅਥਰਵ ਟਾਈਡੇ ਮਹਿਜ਼ 15 ਦੌੜਾਂ ਹੀ ਬਣਾ ਸਕਿਆ। -ਪੀਟੀਆਈ