ਰਾਜਸਥਾਨ: ਕੁਝ ਹਿੱਸਿਆਂ ਵਿੱਚ ਸੀਤ ਲਹਿਰ ਦੇ ਹਾਲਾਤ, ਤਾਪਮਾਨ ਮਨਫੀ 1.3 ਡਿਗਰੀ ਸੈਲਸੀਅਸ ਰਿਹਾ
ਜੈਪੁਰ, 14 ਦਸੰਬਰ
ਰਾਜਸਥਾਨ ਦੇ ਕਈ ਇਲਾਕਿਆਂ ’ਚ ਠੰਡ ਦਾ ਕਹਿਰ ਜਾਰੀ ਹੈ, ਸੀਕਰ ਜ਼ਿਲ੍ਹੇ ਦੇ ਫਤਿਹਪੁਰ ’ਚ ਸਭ ਤੋਂ ਘੱਟ ਤਾਪਮਾਨ ਮਨਫੀ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਸੀਤ ਲਹਿਰ ਦੇ ਹਾਲਾਤ ਦਰਜ ਕੀਤੇ ਗਏ।
ਕਰੌਲੀ 'ਚ ਘੱਟੋ-ਘੱਟ ਤਾਪਮਾਨ 1.9 ਡਿਗਰੀ ਸੈਲਸੀਅਸ, ਚੁਰੂ 'ਚ 2.4 ਡਿਗਰੀ, ਭੀਲਵਾੜਾ 'ਚ 2.6 ਡਿਗਰੀ, ਸਿਰੋਹੀ 'ਚ 3.0 ਡਿਗਰੀ, ਚਿਤੌੜਗੜ੍ਹ 'ਚ 3.2 ਡਿਗਰੀ, ਪਿਲਾਨੀ 'ਚ 4.0 ਡਿਗਰੀ, ਜੈਪੁਰ 'ਚ 4.5 ਡਿਗਰੀ ਅਤੇ ਸੰਗਰੀਆ 'ਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਿਹਾ ਅਤੇ ਸ਼ੀਤ ਲਹਿਰ ਦੇ ਹਾਲਾਤ ਜਾਰੀ ਰਹਿਣ ਦੀ ਉਮੀਦ ਹੈ।
ਕਸ਼ਮੀਰ ਦੇ ਇਲਾਕਿਆਂ ਵਿੱਚ ਤਾਪਮਾਨ ਹੋਣ ਘਟਨ ਦੀ ਸੰਭਾਵਨਾ
ਉਧਰ ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਤੋਂ ਇਕ ਦਿਨ ਬਾਅਦ ਪੂਰੀ ਘਾਟੀ ’ਚ ਘੱਟੋ-ਘੱਟ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਕਈ ਥਾਵਾਂ ’ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਨਾਲ ਤਾਪਮਾਨ ਹੋਰ ਘਟਣ ਦੀ ਸੰਭਾਵਨਾ ਹੈ। ਵਾਦੀ ’ਚ ਲੰਘੀ ਰਾਤ ਗੁਲਮਰਗ ਸਭ ਤੋਂ ਠੰਢਾ ਸਥਾਨ ਰਿਹਾ।
ਮੌਸਮ ਵਿਭਾਗ ਨੇ ਦੱਸਿਆ ਕਿ ਕਸ਼ਮੀਰ ਦੇ ਉਪਰਲੇ ਇਲਾਕਿਆਂ ਤੇ ਕੁਝ ਮੈਦਾਨੀ ਇਲਾਕਿਆਂ ’ਚ ਬਰਫਬਾਰੀ ਤੋਂ ਇੱਕ ਦਿਨ ਬਾਅਦ ਵਾਦੀ ’ਚ ਰਾਤ ਦੇ ਤਾਪਮਾਨ ’ਚ ਗਿਰਾਵਟ ਆਈ ਹੈ। ਅਧਿਕਾਰੀਆਂ ਮੁਤਾਬਕ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ’ਚ ਵੀਰਵਾਰ ਰਾਤ ਨੂੰ ਤਾਪਮਾਨ ਮਨਫੀ 2 ਡਿਗਰੀ ਦਰਜ ਕੀਤਾ ਗਿਆ, ਜੋ ਬੁੱਧਵਾਰ ਨੂੰ ਮਨਫ਼ੀ 0.5 ਡਿਗਰੀ ਸੀ। ਉਨ੍ਹਾਂ ਕਿਹਾ ਕਿ ਉੱਤਰੀ ਕਸ਼ਮੀਰ ’ਚ ਮੁੱਖ ਸੈਲਾਨੀ ਸਥਾਨ ਗੁਲਮਰਗ ਘਾਟੀ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ ਮਨਫ਼ੀ 9.6 ਡਿਗਰੀ ਦਰਜ ਹੋਇਆ, ਜਿਹੜਾ ਬੁੱਧਵਾਰ ਰਾਤ ਮਨਫ਼ੀ 5.2 ਡਿਗਰੀ ਸੀ। -ਪੀਟੀਆਈ