ਰਾਜਸਥਾਨ: ਬਿਹਾਰ ਦੇ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
ਕੋਟਾ
ਰਾਜਸਥਾਨ ਦੇ ਕੋਟਾ ’ਚ ਇੰਜਨੀਅਰਿੰਗ ’ਚ ਦਾਖਲੇ ਲਈ ਕੋਚਿੰਗ ਲੈ ਰਹੇ 16 ਸਾਲਾਂ ਦੇ ਵਿਦਿਆਰਥੀ ਨੇ ਆਪਣੇ ਪੀਜੀ ਦੇ ਕਮਰੇ ’ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਕੋਟਾ ’ਚ ਖ਼ੁਦਕੁਸ਼ੀ ਦਾ ਇਹ 13ਵਾਂ ਮਾਮਲਾ ਹੈ। ਪਿਛਲੇ ਸਾਲ ਕੋਟਾ ’ਚ 26 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਰਹਿਣ ਵਾਲਾ ਸੰਦੀਪ ਕੁਮਾਰ ਕੁਰਮੀ ਦੋ ਸਾਲਾਂ ਤੋਂ ਕੋਟਾ ’ਚ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਦੀ ਤਿਆਰੀ ਕਰ ਰਿਹਾ ਸੀ ਅਤੇ ਮਹਾਵੀਰ ਨਗਰ-3 ਦੇ ਇੱਕ ਪੀਜੀ ਵਿੱਚ ਰਹਿੰਦਾ ਸੀ। ਮਹਾਵੀਰ ਨਗਰ ਥਾਣੇ ਦੇ ਐੱਸਐੱਚਓ ਮਹੇਂਦਰ ਮਰੂ ਨੇ ਦੱਸਿਆ ਕਿ ਅੱਜ ਸਵੇਰੇ ਲਗਪਗ 7 ਵਜੇ ਸੰਦੀਪ ਦਾ ਜਮਾਤੀ ਉਸ ਦੇ ਕਮਰੇ ’ਚ ਗਿਆ। ਅੰਦਰੋਂ ਕੋਈ ਜਵਾਬ ਨਾ ਮਿਲਣ ’ਤੇ ਉਸ ਨੇ ਖਿੜਕੀ ਰਾਹੀਂ ਦੇਖਿਆ ਤਾਂ ਸੰਦੀਪ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਐੱਸਐੈੱਚਓ ਮੁਤਾਬਕ ਸੰਦੀਪ ਨੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਖ਼ੁਦਕੁਸ਼ੀ ਕੀਤੀ। -ਪੀਟੀਆਈ