ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ੍ਰੀਲੰਕਾ ’ਚ ਰਾਜਪਕਸਾ ਦੀ ਜਿੱਤ ਅਤੇ ਭਾਰਤ

07:39 AM Aug 21, 2020 IST

ਦੋਂ ਭਾਰਤੀ ਮੀਡੀਆ ਦਾ ਧਿਆਨ ਜ਼ਾਹਰਾ ਤੌਰ ਤੇ ਇਸ ਗੱਲ ਵੱਲ ਸੀ ਕਿ ਸ੍ਰੀਲੰਕਾ ਦੀਆਂ ਹਾਲੀਆ ਸੰਸਦੀ ਚੋਣਾਂ ਵਿਚ ਕੌਣ ਜਿੱਤੇਗਾ, ਤਾਂ ਕੁਝ ਕੁ ਹੀ ਲੋਕਾਂ ਨੇ ਇਨ੍ਹਾਂ ਚੋਣਾਂ ਦੌਰਾਨ ਸ੍ਰੀਲੰਕਨ ਜਮਹੂਰੀਅਤ ਦੀਆਂ ਕੁਝ ਵਿਲੱਖਣ ਪ੍ਰਾਪਤੀਆਂ ਵੱਲ ਗ਼ੌਰ ਕੀਤੀ। ਸ੍ਰੀਲੰਕਾ ਦੀ ਜਮਹੂਰੀਅਤ ਦੀਆਂ ਆਪਣੀਆਂ ਕੁਝ ਨਿਵੇਕਲੀਆਂ ਖ਼ੂਬੀਆਂ ਹਨ ਜਿਨ੍ਹਾਂ ਨੂੰ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਯਾਕੂਬ ਕੁਰੈਸ਼ੀ ਨੇ ਵੀ ਸਲਾਹਿਆ ਸੀ। ਕਰੋਨਾਵਾਇਰਸ ਮਹਾਮਾਰੀ ਦੌਰਾਨ 196 ਸੰਸਦੀ ਹਲਕਿਆਂ ਵਿਚ ਨਿਰਵਿਘਨ ਅਤੇ ਪੁਰਅਮਨ ਚੋਣਾਂ ਯਕੀਨੀ ਬਣਾਉਣ ਲਈ ਸ੍ਰੀਲੰਕਾ ਦੇ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਉਹ ਸੱਚਮੁੱਚ ਭਿਆਨਕ ਸਨ। ਕਰੋਨਾ ਦੇ ਮੱਦੇਨਜ਼ਰ ਸਾਰੇ ਪੱਖਾਂ ਬਾਰੇ ਬਹੁਤ ਧਿਆਨ ਪੂਰਵਕ ਅਗਾਊਂ ਤਿਆਰੀ ਕੀਤੀ ਗਈ। ਚੋਣ ਮੀਟਿੰਗਾਂ ਵਿਚ ਹਾਜ਼ਰੀ ਸਖ਼ਤੀ ਨਾਲ ਸੀਮਤ ਕੀਤੀ ਗਈ, ਨਾਲ ਹੀ ਮਾਸਕ ਤੇ ਦਸਤਾਨੇ ਪਹਿਨਣ, ਸੈਨੇਟਾਈਜ਼ਰਾਂ ਦੀ ਵਰਤੋਂ ਅਤੇ ਫ਼ਾਸਲੇ ਦਾ ਖ਼ਾਸ ਖ਼ਿਆਲ ਰੱਖਿਆ ਗਿਆ। ਡਾਕ ਰਾਹੀਂ ਵੋਟਾਂ ਪਾਉਣ (ਪੋਸਟਲ ਬੈਲਟ) ਬਾਰੇ ਸ਼ਰਤਾਂ ਨਰਮ ਕੀਤੀਆਂ ਗਈਆਂ। ਇਸ ਸਦਕਾ ਇਨ੍ਹਾਂ ਚੋਣਾਂ ਵਿਚ ਵੋਟਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ 196 ਹਲਕਿਆਂ ਲਈ 71 ਫ਼ੀਸਦੀ ਪੋਲਿੰਗ ਹੋਈ। ਤਾਮਿਲਾਂ ਦੀ ਬਹੁਗਿਣਤੀ ਵਾਲੇ ਉੱਤਰੀ ਸੂਬੇ ਵਿਚ ਵੀ ਭਰਵੀਂ ਵੋਟਿੰਗ ਹੋਈ। ਇਸ ਦੇ ਨਾਲ ਹੀ ਜਿਸ ਹੋਰ ਪੱਖ ਲਈ ਸ੍ਰੀਲੰਕਾ ਦੀ ਸ਼ਲਾਘਾ ਹੋਈ, ਉਹ ਹੈ ਕਰੋਨਾ ਮਹਾਮਾਰੀ ਨਾਲ ਬਹੁਤ ਵਧੀਆ ਤੇ ਅਨੁਸ਼ਾਸਿਤ ਢੰਗ ਨਾਲ ਸਿੱਝਣਾ, ਜਿਸ ਦੌਰਾਨ ਮੁਲਕ ਵਿਚ 2895 ਲੋਕਾਂ ਨੂੰ ਕਰੋਨਾ ਲਾਗ ਦੀ ਪੁਸ਼ਟੀ ਹੋਈ ਅਤੇ ਮੌਤਾਂ ਦੀ ਗਿਣਤੀ ਮਹਿਜ਼ 11 ਰਹੀ।

Advertisement

ਇਹ ਗੱਲ ਕਿਸੇ ਲਈ ਹੈਰਾਨੀ ਵਾਲੀ ਨਹੀਂ ਕਿ ਸ੍ਰੀਲੰਕਾ ਦੀਆਂ ਚੋਣਾਂ ਵਿਚ ਰਾਜਪਕਸਾ ਭਰਾਵਾਂ ਦੀ ਸ੍ਰੀਲੰਕਾ ਪੋਡੂਜਨਾ ਪੇਰਾਮੁਨਾ ਪਾਰਟੀ ਜੇਤੂ ਰਹੀ ਜਿਸ ਨੂੰ ਸੰਸਦ ਦੀਆਂ ਕੁੱਲ 225 ਵਿਚੋਂ 145 ਸੀਟਾਂ ਹਾਸਲ ਹੋਈਆਂ। ਪਾਰਟੀ ਦੀ ਅਗਵਾਈ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ ਤੇ ਉਨ੍ਹਾਂ ਦੇ ਛੋਟੇ ਭਰਾ ਤੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਕਰਦੇ ਹਨ। ਵਿਰੋਧੀ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐੱਨਪੀ) ਜਿਸ ਨੇ ਸ੍ਰੀਲੰਕਾ ਨੂੰ 1948 ਵਿਚ ਆਜ਼ਾਦੀ ਮਿਲਣ ਤੋਂ ਬਾਅਦ ਮੁਲਕ ਉਤੇ ਕਈ ਸਾਲ ਰਾਜ ਕੀਤਾ ਹੈ, ਇਕ ਤਰ੍ਹਾਂ ਖ਼ਾਤਮੇ ਕੰਢੇ ਪੁੱਜ ਗਈ ਹੈ, ਕਿਉਂਕਿ ਇਸ ਨੂੰ ਮਹਿਜ਼ ਇਕ ਸੀਟ ਮਿਲੀ ਹੈ। ਇਸ ਭਿਆਨਕ ਹਾਰ ਲਈ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦੀ ‘ਮਾੜੀ’ ਲੀਡਰਸ਼ਿਪ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਯੂਐੱਨਪੀ ਨੂੰ ਛੱਡ ਕੇ ਆਪਣੀ ਪਾਰਟੀ ਬਣਾਉਣ ਵਾਲੇ ਸਜੀਤ ਪ੍ਰੇਮਦਾਸਾ ਜੋ ਸਾਬਕਾ ਰਾਸ਼ਟਰਪਤੀ ਰਣਸਿੰਘੇ ਪ੍ਰੇਮਦਾਸਾ ਦੇ ਪੁੱਤਰ ਹਨ, ਨੇ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਚੋਣ ਮੁਹਿੰਮ ਚਲਾਈ ਅਤੇ ਇਸ ਸਦਕਾ ਉਸ 54 ਸੀਟਾਂ ਜਿੱਤਣ ਵਿਚ ਸਫਲ ਰਹੇ ਅਤੇ ਵਿਰੋਧੀ ਧਿਰ ਦੇ ਆਗੂ ਵਜੋਂ ਉੱਭਰੇ ਹਨ।

ਭਾਰਤ ਨੇ ਹਾਲੀਆ ਸਾਲਾਂ ਦੌਰਾਨ ਆਪਣੇ ਆਪ ਨੂੰ ਸ੍ਰੀਲੰਕਾ ਦੇ ਅੰਦਰੂਨੀ ਮਾਮਲਿਆਂ ਤੋਂ ਲਾਂਭੇ ਰੱਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਪਕਾਸਾ ਭਰਾਵਾਂ ਅਤੇ ਐੱਸਐੱਲਐੱਫ਼ਪੀ ਨਾਲ ਦੋਸਤਾਨਾ ਰਿਸ਼ਤੇ ਬਣਾਈ ਰੱਖੇ ਹਨ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨਰ ਨੇ ਵੀ ਬੀਤੇ ਦੀਆਂ ਗ਼ਲਤੀਆਂ ਦੁਹਾਉਣ ਤੋਂ ਬਚਦਿਆਂ ਸ੍ਰੀਲੰਕਾ ਦੇ ਵੱਖ ਵੱਖ ਸਿਆਸੀ ਆਗੂਆਂ ਅਤੇ ਪਾਰਟੀਆਂ ਤੱਕ ਆਪਣੀ ਪਹੁੰਚ ਬਣਾਈ ਹੈ, ਜਦੋਂਕਿ ਪਹਿਲਾਂ ਭਾਰਤੀ ਹਾਈ ਕਮਿਸ਼ਨਰਾਂ ਨੂੰ ਸਿਆਸੀ ਤੌਰ ਤੇ ਪੱਖਪਾਤੀ ਮੰਨਿਆ ਜਾਂਦਾ ਸੀ। ਸ੍ਰੀਲੰਕਾ ਦੇ ਭਾਰੀ ਖ਼ੂਨ-ਖ਼ਰਾਬੇ ਵਾਲੀ ਨਸਲੀ ਖ਼ਾਨਾਜੰਗੀ ਕਾਰਨ ਇਕ ਲੱਖ ਤੋਂ ਵੱਧ ਆਮ ਲੋਕਾਂ (ਤਾਮਿਲ ਤੇ ਸਿਨਹਾਲੀ) ਦੀਆਂ ਜਾਨਾਂ ਜਾਂਦੀਆਂ ਰਹੀਆਂ, ਜਦੋਂਕਿ ਇਸ ਤੋਂ ਇਲਾਵਾ ‘ਲਿਟੇ’ ਦੇ 27 ਹਜ਼ਾਰ ਕਾਰਕੁਨ ਵੀ ਮਾਰੇ ਗਏ। ਇੰਨਾ ਹੀ ਨਹੀਂ, ਭਾਰਤੀ ਅਮਨ ਬਹਾਲੀ ਫ਼ੌਜ ਦੇ 1500 ਜਵਾਨਾਂ ਨੇ ਵੀ ਉਥੇ ਆਪਣੀਆਂ ਜਾਨਾਂ ਗਵਾਈਆਂ, ਜਦੋਂ ਉਨ੍ਹਾਂ ਨੂੰ ਉਥੇ ‘ਲਿਟੇ’ ਖ਼ਿਲਾਫ਼ ਜੂਝਣ ਲਈ ਮਜਬੂਰ ਕੀਤਾ ਗਿਆ। ‘ਲਿਟੇ’ ਨੇ 1991 ਵਿਚ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ਦੌਰਾਨ ਹੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਆਤਮਘਾਤੀ ਬੰਬ ਧਮਾਕੇ ਰਾਹੀਂ ਕਤਲ ਕਰ ਦਿੱਤਾ ਸੀ। ਮੁਲਕ ਦੀ ਨਸਲੀ ਖ਼ਾਨਾਜੰਗੀ ਦਾ ਖ਼ਾਤਮਾ ਕਰਦਿਆਂ ਸ੍ਰੀਲੰਕਾ ਦੀ ਫ਼ੌਜ ਨੇ 2009 ਵਿਚ ਲਿਟੇ ਮੁਖੀ ਪ੍ਰਭਾਕਰਨ ਨੂੰ ਮਾਰ ਮੁਕਾਇਆ। ਉਸ ਤੋਂ ਬਾਅਦ ਭਾਰਤ ਲਗਾਤਾਰ ਸ੍ਰੀਲੰਕਾ ਦੇ ਤਾਮਿਲਾਂ ਲਈ ਰਾਹਤ, ਮੁੜ-ਵਸੇਬੇ ਅਤੇ ਵਿਕਾਸ ਲਈ ਭਾਰੀ ਫੰਡ ਦੇ ਰਿਹਾ ਹੈ।

Advertisement

ਇਸ ਟਾਪੂ ਮੁਲਕ ਵਿਚ ਖ਼ਾਨਾਜੰਗੀ ਦੇ ਖ਼ਾਤਮੇ ਤੋਂ ਬਾਅਦ ਜਿਥੇ ਭਾਰਤ ਨੇ ਇਸ ਨਾਲ ਆਮ ਦੋਸਤਾਨਾ ਰਿਸ਼ਤੇ ਬਣਾਏ ਹੋਏ ਹਨ, ਉਥੇ ਪੱਛਮੀ ਮੁਲਕਾਂ ਨੇ ਅਮਰੀਕਾ ਤੇ ਬਰਤਾਨੀਆ ਦੀ ਅਗਵਾਈ ਹੇਠ ਸ੍ਰੀਲੰਕਾ ਉਤੇ ਨਾ ਸਿਰਫ਼ ਆਰਥਿਕ ਬੰਦਿਸ਼ਾਂ ਲਾਈਆਂ ਸਗੋਂ ਇਹ ਕੋਸ਼ਿਸ਼ ਵੀ ਕੀਤੀ ਕਿ ਰਾਸ਼ਟਰਪਤੀ ਰਾਜਪਕਸਾ ਤੇ ਹੋਰਨਾਂ ਉਤੇ ਕਥਿਤ ਜੰਗੀ ਜੁਰਮਾਂ ਲਈ ਮੁਕੱਦਮਾ ਚਲਾਇਆ ਜਾਵੇ। ਇਸ ਦੇ ਸਿੱਟੇ ਵਜੋਂ ਸ੍ਰੀਲੰਕਾ ਜੋ ਆਮ ਕਰ ਕੇ ਪੱਛਮ ਪੱਖੀ ਸਮਝੇ ਜਾਂਦੇ ਸਨ, ਪੱਛਮੀ ਮੁਲਕਾਂ ਦੇ ਖ਼ਿਲਾਫ਼ ਹੋ ਗਏ ਅਤੇ ਬਹੁਤ ਹੀ ਲਾਲਸੀ ਤੇ ਪਸਾਰਵਾਦੀ ਨੀਤੀਆਂ ਵਾਲੇ ਚੀਨ ਦੇ ਕਰੀਬ ਚਲੇ ਗਏ। ਚੀਨ ਨੇ ਸ੍ਰੀਲੰਕਾ ਨੂੰ ‘ਸਹਾਇਤਾ’ ਦਾ ਪੱਜ ਕਰਦਿਆਂ ਖ਼ਜ਼ਾਨੇ ਦੇ ਬੂਹੇ ਖੋਲ੍ਹ ਕੇ ਆਪਣੇ ‘ਕਰਜ਼ ਜਾਲ਼’ ਵਿਚ ਫਸਾ ਲਿਆ। ਚੀਨ ਹੱਥੋਂ ਅਜਿਹੀ ਹਾਲਤ ਦਾ ਸਾਹਮਣਾ ਅੱਜ ਪਾਕਿਸਤਾਨ ਅਤੇ ਸ੍ਰੀਲੰਕਾ ਤੋਂ ਲੈ ਕੇ ਇਥੋਪੀਆ, ਤਨਜ਼ਾਨੀਆ ਅਤੇ ਕੀਨੀਆ ਵਰਗੇ ਅਨੇਕ ਏਸ਼ੀਆਈ ਤੇ ਅਫ਼ਰੀਕੀ ਮੁਲਕ ਕਰ ਰਹੇ ਹਨ। ਇਨ੍ਹਾਂ ਮੁਲਕਾਂ ਨੂੰ ਜਿਨ੍ਹਾਂ ਸ਼ਰਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਔਖੀਆਂ ਹਨ, ਖ਼ਾਸਕਰ ਉਦੋਂ ਜਦੋਂ ਸੰਸਾਰ ਬੈਂਕ ਵਰਗੇ ਅਦਾਰਿਆਂ ਰਾਹੀਂ ਆਉਣ ਵਾਲੀ ਦੁਵੱਲੀ ਤੇ ਬਹੁਪੱਖੀ ਸਹਾਇਤਾ ਭੂ-ਰਾਜਨੀਤਿਕ ਲਿਹਾਜ਼ ਤੋਂ ਤੈਅ ਹੁੰਦੀ ਹੈ। ਸ੍ਰੀਲੰਕਾ ਵੀ ਹੁਣ ਇਸੇ ਤਰ੍ਹਾਂ ਦੀ ਕਸ਼ਮਕਸ਼ ਨਾਲ ਜੂਝ ਰਿਹਾ ਹੈ ਜੋ ਮੁੱਖ ਤੌਰ ‘ਤੇ ਮੁਲਕ ਦੀ ਖ਼ਾਨਾਜੰਗੀ ਦੇ ਖ਼ਾਤਮੇ ਤੋਂ ਬਾਅਦ ਸ੍ਰੀਲੰਕਾ ਖ਼ਿਲਾਫ਼ ਪਾਬੰਦੀਆਂ ਲਾਉਣ ਦੀਆਂ ਅਮਰੀਕਾ ਤੇ ਯੂਰੋਪੀਅਨ ਮੁਲਕਾਂ ਦੀਆਂ ਨਾਸਮਝੀ ਵਾਲੀਆਂ ਕਾਰਵਾਈਆਂ ਦਾ ਸਿੱਟਾ ਹੈ।

ਚੀਨ ਨੇ ਇਸ ਮੌਕੇ ਦਾ ਪੂਰਾ ਲਾਹਾ ਲਿਆ ਅਤੇ ਆਪਣੀ ‘ਕਰਜ਼ ਜਾਲ਼’ ਦੀ ਚਾਲਬਾਜ਼ੀ ਤਹਿਤ ਸ੍ਰੀਲੰਕਾ ਨੂੰ ਇਸ ਦੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਖੁੱਲ੍ਹਦਿਲੀ ਨਾਲ ‘ਸਹਾਇਤਾ’ ਦਿੱਤੀ। ਪੇਈਚਿੰਗ ਨੇ ਸ੍ਰੀਲੰਕਾ ਨੂੰ ਵੱਖ ਵੱਖ ਪ੍ਰਾਜੈਕਟਾਂ ਲਈ 7 ਅਰਬ ਡਾਲਰ ਦੀ ਕਥਿਤ ‘ਇਮਦਾਦ’ ਮੁਹੱਈਆ ਕਰਵਾਈ, ਜਿਨ੍ਹਾਂ ਵਿਚ ਦੱਖਣੀ ਸ੍ਰੀਲੰਕਾ ਸਥਿਤ ਹੰਬਨਟੋਟਾ ਬੰਦਰਗਾਹ ਦੀ ਉਸਾਰੀ ਵੀ ਸ਼ਾਮਲ ਸੀ। ਚੀਨ ਤੋਂ ਸ੍ਰੀਲੰਕਾ ਲਈ ਅਜਿਹੀ ਹੀ ਇਮਦਾਦ ਕੋਲੰਬੋ ਬੰਦਰਗਾਹ ਦੇ ਵਿਕਾਸ ਸਣੇ ਹੋਰ ਪ੍ਰਾਜੈਕਟਾਂ ਲਈ ਵੀ ਆਉਣ ਵਾਲੀ ਹੈ ਅਤੇ ਕੋਲੰਬੋ ਬੰਦਰਗਾਹ ਦੀ ਕਮਾਈ ਮੁੱਖ ਤੌਰ ਤੇ ਭਾਰਤ ਤੋਂ ਜਾਣ ਵਾਲੇ ਮਾਲ ਤੋਂ ਹੁੰਦੀ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ੍ਰੀਲੰਕਾ ਆਪਣੀ ਕੋਲੰਬੋ ਬੰਦਰਗਾਹ ਦੇ ਪਸਾਰ ਲਈ ਭਾਰਤੀ ਅਤੇ ਜਪਾਨੀ ਸਹਾਇਤਾ ਲੈਣ ਲਈ ਹਾਮੀ ਨਹੀਂ ਭਰ ਰਿਹਾ। ਸ੍ਰੀਲੰਕਾ ਦੇ ਇਸ ਰਵੱਈਏ ਤੋਂ ਭਾਰਤ ਵਿਚ ਇਹੋ ਪ੍ਰਭਾਵ ਜਾ ਰਿਹਾ ਹੈ ਕਿ ਉਹ ਚੀਨ ਦੇ ਦਬਾਅ ਕਾਰਨ ਪ੍ਰਾਜੈਕਟ ਵਿਚ ਭਾਰਤ ਅਤੇ ਜਪਾਨ ਨੂੰ ਭਾਈਵਾਲ ਨਹੀਂ ਬਣਾ ਰਿਹਾ। ਸੁਭਾਵਿਕ ਹੈ ਕਿ ਇਸ ਤੋਂ ਸ੍ਰੀਲੰਕਾ ਉਤੇ ਚੀਨ ਦੇ ਦਬਾਅ ਦੇ ਅਸਰ ਸਬੰਧੀ ਭਾਰਤ ਖ਼ੁਸ਼ ਨਹੀਂ ਹੋਵੇਗਾ। ਕਈ ਵਾਰ ਅਜਿਹਾ ਵੀ ਦੇਖਣ ਵਿਚ ਆਇਆ ਕਿ ਕੋਲੰਬੋ ਵਿਚ ਚੀਨ ਦੀ ਸਮੁੰਦਰੀ ਫ਼ੌਜ ਦੇ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਨੂੰ ਰੁਕਣ ਦਾ ਮੌਕਾ ਵੀ ਦਿੱਤਾ ਗਿਆ।

ਸ੍ਰੀਲੰਕਾ ਦੀਆਂ ਹਾਲੀਆ ਸੰਸਦੀ ਚੋਣਾਂ ਦੌਰਾਨ ਮੁਲਕ ਦੇ ਤਾਮਿਲ ਬਹੁਗਿਣਤੀ ਵਾਲੇ ਉੱਤਰੀ ਅਤੇ ਪੂਰਬੀ ਸੂਬਿਆਂ ਵਿਚ ਭਾਰੀ ਪੋਲਿੰਗ ਹੋਈ ਹੈ। ਸ੍ਰੀਲੰਕਾ ਲਈ ਇਹ ਚੰਗਾ ਰਹੇਗਾ ਕਿ ਉਹ ਇਨ੍ਹਾਂ ਸੂਬਿਆਂ ਵਿਚਲੇ ਲੋਕਾਂ ਦੀਆਂ ਚਿੰਤਾਵਾਂ-ਤੌਖਲਿਆਂ ਦੇ ਆਪ ਹੱਲ ਕੱਢੇ। ਭਾਰਤ ਦਾ ਧਿਆਨ ਇਸ ਵੇਲੇ ‘ਭਾਰਤੀ ਤਾਮਿਲਾਂ’ ਨੂੰ ਸਹਾਇਤਾ ਮੁਹੱਈਆ ਕਰਾਉਣ ਵੱਲ ਲੱਗਾ ਹੋਇਆ ਹੈ, ਜਿਨ੍ਹਾਂ ਦੇ ਪੁਰਖੇ ਅੰਗਰੇਜ਼ੀ ਹਕੂਮਤ ਦੌਰਾਨ ਸ੍ਰੀਲੰਕਾ ਦੇ ਬਾਗ਼-ਬਗ਼ੀਚਿਆਂ ਵਿਚ ਕੰਮ ਕਰਨ ਲਈ ਉਥੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ ਅਤੇ ਉਨ੍ਹਾਂ ਦੇ ਛੋਟੇ ਭਰਾ ਤੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨਾਲ ਨਿਜੀ ਰਾਬਤਾ ਕਾਇਮ ਕੀਤਾ ਹੈ। ਨਵੀਂ ਦਿੱਲੀ ਨੂੰ ਇਹੋ ਸਲਾਹ ਦਿੱਤੀ ਜਾ ਸਕਦੀ ਹੈ ਕਿ ਉਹ ਅਮਰੀਕਾ ਤੇ ਇਸ ਦੇ ਇਤਹਾਦੀਆਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਸ੍ਰੀਲੰਕਾ ਲਈ ਨਾ ਸਿਰਫ਼ ਦੁਵੱਲੀ, ਸਗੋਂ ਸੰਸਾਰ ਬੈਂਕ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਵਰਗੇ ਅਦਾਰਿਆਂ ਰਾਹੀਂ ਸਹਾਇਤਾ ਦੇ ਬੂਹੇ ਖੋਲ੍ਹਣ ਲਈ ਰਾਜ਼ੀ ਕਰੇ। ਸ੍ਰੀਲੰਕਾ ਨਾਲ ਰਿਸ਼ਤਿਆਂ ਨੂੰ ਅਮਰੀਕਾ, ਜਪਾਨ, ਆਸਟਰੇਲੀਆ ਅਤੇ ਭਾਰਤ ਦੀ ਸ਼ਮੂਲੀਅਤ ਵਾਲੇ ਚਹੁੰ-ਮੁਲਕੀ ਗਰੁੱਪ ‘ਕੁਐਡ’ ਦੀ ਹਿੰਦ ਮਹਾਂਸਾਗਰ ਸਬੰਧੀ ਵਿਆਪਕ ਰਣਨੀਤੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।

ਸ੍ਰੀਲੰਕਾ ਦੀ ਬਹੁਗਿਣਤੀ ਸਿਨਹਾਲੀ ਆਬਾਦੀ ਨੂੰ ਜਿਹੜਾ ਸਭ ਤੋਂ ਅਹਿਮ ਤੇ ਅਚੂਕ ਪੱਖ ਭਾਰਤ ਨਾਲ ਜੋੜਦਾ ਹੈ, ਉਹ ਹੈ ਉਸ ਦਾ ਬੁੱਧ ਧਰਮ ਵਿਚ ਵਿਸ਼ਵਾਸ। ਸ੍ਰੀਲੰਕਾ ਵਿਚ ਬੋਧੀ ਬੋਹੜ ਦੀਆਂ ਜੜ੍ਹਾਂ ਸਮਰਾਟ ਅਸ਼ੋਕ ਮਹਾਨ ਦੇ ਸਮੇਂ ਤੋਂ ਹੀ ਲੱਗੀਆਂ ਹੋਈਆਂ ਹਨ। ਬੀਤੇ ਸਾਲ ਸ੍ਰੀਲੰਕਾ ਦੇ ਬੋਧੀ ਟਿਕਾਣਿਆਂ ਅਤੇ ਬੋਧੀ ਲੋਕਾਂ ਉਤੇ ਆਈਐੱਸਆਈਐੱਸ ਦੇ ਹੋਣ ਵਾਲੇ ਹਮਲੇ ਸਬੰਧੀ ਉਸ ਨੂੰ ਭਾਰਤ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਇੰਟੈਲੀਜੈਂਸ ਸੂਚਨਾਵਾਂ ਸ੍ਰੀਲੰਕਾ ਦੇ ਲੋਕਾਂ ਦੀ ਏਕਤਾ ਤੇ ਭਲਾਈ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੱਖ ਸਬੂਤ ਹੈ। ਭਾਰਤ ਨੇ ਪਾਕਿਸਤਾਨ ਨੂੰ ਛੱਡ ਕੇ ਆਪਣੇ ਹੋਰ ਸਾਰੇ ਗੁਆਂਢੀਆਂ ਨਾਲ ਆਪਣੇ ਸਮੁੰਦਰੀ ਸਰਹੱਦਾਂ ਸਬੰਧੀ ਵਿਵਾਦ ਨਬਿੇੜ ਲਏ ਹਨ। ਦੂਜੇ ਪਾਸੇ ਚੀਨ ਦੇ ਆਪਣੇ ਲਗਪਗ ਸਾਰੇ ਹੀ ਗੁਆਂਢੀਆਂ ਨਾਲ ਸਮੁੰਦਰੀ ਸਰਹੱਦਾਂ ਸਬੰਧੀ ਗੰਭੀਰ ਮਤਭੇਦ ਹਨ। ਉਸ ਨੇ ਸਮੁੰਦਰੀ ਸਰਹੱਦਾਂ ਬਾਰੇ ਆਪਣੇ ਦਾਅਵਿਆਂ ਨੂੰ ਲਾਗੂ ਕਰਨ ਪੱਖੋਂ ਤਾਕਤ ਅਤੇ ਦਮਨ ਦੇ ਇਸਤੇਮਾਲ ਤੋਂ ਵੀ ਕਦੇ ਗੁਰੇਜ਼ ਨਹੀਂ ਕੀਤਾ। ਸਮੁੰਦਰੀ ਸਰਹੱਦਾਂ ਸਬੰਧੀ ਅੜੀਅਲ ਰਵੱਈਏ ਦਾ ਚੀਨ ਦਾ ਬੜਾ ਪੁਰਾਣਾ ਤੇ ਦਿਲਚਸਪ ਇਤਿਹਾਸ ਹੈ। ਚੀਨੀ ਸਮੁੰਦਰੀ ਲੁਟੇਰੇ ਐਡਮਿਰਲ ਜ਼ੇਂਗ ਹੇ ਨੇ 1405 ਤੋਂ 1433 ਦੌਰਾਨ ਆਪਣੀਆਂ ਸਮੁੰਦਰੀ ਫੇਰੀਆਂ ਸਮੇਂ ਸ੍ਰੀਲੰਕਾ ਦੇ ਸਮਾਰਟ ਵੀਰਾ ਅਲਾਕੇਸ਼ਵਰਾ ਨੂੰ ਬੰਧਕ ਬਣਾ ਲਿਆ ਸੀ ਅਤੇ ਉਹ ਤਥਾਗਤ ਬੁੱਧ ਦੀ ਪਵਿੱਤਰ ਦੰਦ ਨਿਸ਼ਾਨੀ ਨੂੰ ਵੀ ਚੀਨ ਲੈ ਗਿਆ ਸੀ। ਚੀਨ ਨੇ ਸ੍ਰੀਲੰਕਾ ਦੀ ਇਹ ਪਵਿੱਤਰ ਨਿਸ਼ਾਨੀ ਉਸ ਨੂੰ ਪੰਜ ਸਦੀਆਂ ਬਾਅਦ ਵਾਪਸ ਕੀਤੀ।

*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

Advertisement
Tags :
ਸ੍ਰੀਲੰਕਾਜਿੱਤਭਾਰਤ:ਰਾਜਪਕਸਾ
Advertisement