‘ਆਰਆਰਆਰ’ ਦੀ ਪ੍ਰਸ਼ੰਸਾ ਕਰਨ ’ਤੇ ਰਾਜਾਮੌਲੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ
ਨਵੀਂ ਦਿੱਲੀ: ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਵੱਲੋਂ ਫਿਲਮ ‘ਆਰਆਰਆਰ’ ਦੀ ਪ੍ਰਸ਼ੰਸਾ ਕੀਤੇ ਜਾਣ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਵੱਲੋਂ ਫਿਲਮ ਦੀ ਪ੍ਰਸ਼ੰਸਾ ਕੀਤੇ ਜਾਣ ’ਤੇ ਫਿਲਮ ਦੀ ਟੀਮ ਬਹੁਤ ਖੁਸ਼ ਹੈ। ਦਾ ਸਿਲਵਾ ਨੇ ਪੈਨ-ਇੰਡੀਆ ਫਿਲਮ ਦੀ ਸਿਆਸੀ ਪਹਿਲੂਆਂ ਦੇ ਨਾਲ-ਨਾਲ ਫਿਲਮ ਵਿਚਲੇ ਡਾਂਸ ਦੀ ਵੀ ਰੱਜਵੀਂ ਸ਼ਲਾਘਾ ਕੀਤੀ ਸੀ। ਅਦਾਕਾਰ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੀ ਫਿਲਮ ‘ਆਰਆਰਆਰ’ ਨੇ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਧੂਮ ਮਚਾਈ ਹੈ। ਬਲਾਕਬੱਸਟਰ ਫਿਲਮ ਦੇ ਨਿਰਦੇਸ਼ਕ ਰਾਜਾਮੌਲੀ ਨੇ ਐਕਸ ’ਤੇ ਆਪਣਾ ਉਤਸ਼ਾਹ ਸਾਂਝਾ ਕਰਦਿਆਂ ਲਿਖਿਆ ਸਰ… @ਲੂਲਾ ਆਫੀਸ਼ੀਅਲ, ਫਿਲਮ ਬਾਰੇ ਕਹੇ ਗਏ ਚੰਗੇ ਸ਼ਬਦਾਂ ਲਈ ਬਹੁਤ ਧੰਨਵਾਦ। ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਭਾਰਤੀ ਸਿਨੇਮਾ ਦਾ ਜ਼ਿਕਰ ਕੀਤਾ ਅਤੇ ਆਰਆਰਆਰ ਦਾ ਆਨੰਦ ਮਾਣਿਆ!! ਸਾਡੀ ਟੀਮ ਖੁਸ਼ ਹੈ। ਉਮੀਦ ਹੈ ਕਿ ਤੁਸੀਂ ਸਾਡੇ ਦੇਸ਼ ਵਿੱਚ ਵਧੀਆ ਸਮਾਂ ਬਿਤਾ ਰਹੇ ਹੋਵੋਗੇ।’’ ਬ੍ਰਾਜ਼ੀਲ ਦੇ ਰਾਸ਼ਟਰਪਤੀ ਇਸ ਵੇਲੇ ਜੀ-20 ਸਿਖਰ ਸੰਮੇਲਨ ਲਈ ਨਵੀਂ ਦਿੱਲੀ ਵਿੱਚ ਹਨ। ਉਨ੍ਹਾਂ ਇਕ ਆਨਲਾਈਨ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਆਰਆਰਆਰ ਤਿੰਨ ਘੰਟੇ ਦੀ ਫਿਲਮ ਹੈ ਜੋ ਕਿ ਹਾਸੇ ਨਾਲ ਭਰਪੂਰ ਹੈ ਅਤੇ ਇਸ ਵਿੱਚ ਅਦਾਕਾਰਾਂ ਨੇ ਬਹੁਤ ਸੁੰਦਰ ਨਾਚ ਕੀਤਾ ਹੈ।’’ ਉਨ੍ਹਾਂ ਭਾਰਤ ’ਤੇ ਬਰਤਾਨੀਆ ਦੇ ਕਬਜ਼ੇ ਦੀ ਨਿਖੇਧੀ ਕੀਤੀ। -ਪੀਟੀਆਈ