ਰਾਜਾ ਵੜਿੰਗ ਵੱਲੋਂ ਕਾਂਗਰਸੀ ਵਰਕਰਾਂ ਸਣੇ ਐੱਸਡੀਐੱਮ ਦਫ਼ਤਰ ਦਾ ਘਿਰਾਓ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 8 ਅਕਤੂਬਰ
ਇੱਥੇ ਗਿੱਦੜਬਾਹਾ ਹਲਕੇ ਦੇ 29 ਸਰਪੰਚ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰਾਂ ਸਣੇ ਐੱਸਡੀਐੱਮ ਦਫਤਰ ਗਿੱਦੜਬਾਹਾ ਦਾ ਘਿਰਾਓ ਕੀਤਾ।
ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਡੀਸੀ ਮੁਕਤਸਰ ਅਤੇ ਐੱਸਡੀਐੱਮ ਗਿੱਦੜਬਾਹਾ ਕਾਗਜ਼ ਰੱਦ ਕਰਨ ਦਾ ਕਾਰਨ ਦੱਸਣ ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਹਾਈ ਕੋਰਟ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ ਅਤੇ ਕਾਂਗਰਸ ਦਾ ਰਾਜ ਆਉਣ ’ਤੇ ਉਨ੍ਹਾਂ ਖ਼ਿਲਾਫ਼ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਮੁਕਤਸਰ ਦੇ ਡੀਸੀ, ਗਿੱਦੜਬਾਹਾ ਦੇ ਐੱਸਡੀਐੱਮ ਅਤੇ ਗਿੱਦੜਬਾਹਾ ਦੇ ‘ਆਪ’ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਖੁੱਲ੍ਹਾ ਚੈਲੰਜ ਕਰਦਿਆਂ ਕਿਹਾ ਕਿ ਕਥਿਤ ਤੌਰ ’ਤੇ ਡੀਸੀ ਤੇ ਐੱਸਡੀਐੱਮ ਤਾਂ ਦਫਤਰਾਂ ’ਚੋਂ ਭੱਜ ਗਏ ਹਨ ਤੇ ਡਿੰਪੀ ਢਿੱਲੋਂ ਨੂੰ ਜ਼ਿਮਨੀ ਚੋਣਾਂ ’ਚ ਚਲਦਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀਸੀ ਤੇ ਐੱਸਡੀਐੱਮ ਕੋਈ ਜਵਾਬ ਨਹੀਂ ਦੇ ਰਿਹਾ। ਖੜ੍ਹੇ ਪੈਰ ਰਿਟਰਨਿੰਗ ਅਫਸਰ ਬਦਲ ਕੇ ਕਾਗਜ਼ ਰੱਦ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਧੱਕੇਸ਼ਾਹੀਆਂ ਦਾ ਬਦਲਾ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਲੈਣਗੇ। ਉਨ੍ਹਾਂ ਕਿਹਾ ਕਿ ਹੁਣ ਗਿੱਦੜਬਾਹਾ ’ਚ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਡੀਸੀ ਪੀਏ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੱਜ ਛੁੱਟੀ ’ਤੇ ਹਨ।