ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਚੇ ਪਾਲਣੇ ਸੌਖੇ ਨਹੀਂ

11:29 AM Oct 25, 2023 IST

ਪ੍ਰਿੰਸੀਪਲ ਵਿਜੈ ਕੁਮਾਰ
Advertisement

ਕੈਨੇਡਾ ਆਉਣ ਤੋਂ ਪਹਿਲਾਂ ਤੇ ਆਪਣੇ ਦੇਸ਼ ਦੀ ਧਰਤੀ ’ਤੇ ਜ਼ਿੰਦਗੀ ਜਿਉਂਦਿਆਂ ਕੈਨੇਡਾ ਦੀ ਜ਼ਿੰਦਗੀ ਬਾਰੇ ਸਭ ਕੁੱਝ ਬਹੁਤ ਵਧੀਆ ਸੁਣੀਦਾ ਸੀ। ਮਨ ’ਚ ਬਹੁਤ ਵਧੀਆ ਵਾਤਾਵਰਨ, ਡਾਲਰਾਂ ’ਚ ਕਮਾਈ, ਵੱਡੀਆਂ ਵੱਡੀਆਂ ਗੱਡੀਆਂ, ਇੱਕੋ ਜਿਹੇ ਖੁੱਲ੍ਹੇ ਡੁੱਲ੍ਹੇ ਘਰ, ਚਾਰੇ ਪਾਸੇ ਹਰਿਆਲੀ ਅਤੇ ਸਹੂਲਤਾਂ ਹੀ ਸਹੂਲਤਾਂ ਦੀ ਤਸਵੀਰ ਉੱਕਰੀ ਹੋਈ ਸੀ, ਪਰ ਇਸ ਮੁਲਕ ’ਚ ਸੱਤ ਮਹੀਨੇ ਦਾ ਅਰਸਾ ਗੁਜ਼ਾਰਨ ਤੋਂ ਬਾਅਦ ਮੇਰਾ ਅਨੁਭਵ ਇਹ ਕਹਿੰਦਾ ਹੈ ਕਿ ਇੱਥੋਂ ਦੀ ਜ਼ਿੰਦਗੀ ਦਾ ਇੱਕ ਰੁਖ਼ ਦੂਜਾ ਵੀ ਹੈ। ਇਸ ਮੁਲਕ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਐਨੀ ਸੌਖੀ ਵੀ ਨਹੀਂ ਹੈ। ਡਾਲਰਾਂ ’ਚ ਕਮਾਈ ਕਹਿਣੀ ਸੌਖੀ ਹੈ, ਪਰ ਕਮਾਉਣ ਲਈ ਲੋਕਾਂ ਨੂੰ ਜਿਸ ਸੰਘਰਸ਼ਮਈ ਦੌਰ ’ਚੋਂ ਗੁਜ਼ਰਨਾ ਪੈਂਦਾ ਹੈ, ਉਸ ਦੇ ਦਰਦ ਨੂੰ ਬਿਆਨ ਕਰਨਾ ਸੌਖੀ ਗੱਲ ਨਹੀਂ। ਡਾਲਰਾਂ ਦੀ ਕਮਾਈ ਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੈ। ਜੇਕਰ ਕਮਾਈ ਡਾਲਰਾਂ ਵਿੱਚ ਹੈ ਤਾਂ ਖਰਚਾ ਵੀ ਡਾਲਰਾਂ ਵਰਗਾ ਹੀ ਹੈ। ਵੱਡੇ ਘਰਾਂ ’ਚ ਪਏ ਸਾਮਾਨ, ਬੀਮੇ ਤੇ ਗੱਡੀਆਂ ਦੀਆਂ ਕਿਸ਼ਤਾਂ ਲਈ ਲਏ ਬੈਂਕ ਕਰਜ਼ ਨੂੰ ਉਤਾਰਨ ਲਈ ਜ਼ਿੰਦਗੀ ਦਾ ਆਨੰਦ ਲੈਣ ਵਾਲੇ ਸਾਲ ਇਸੇ ਦੌੜ ’ਚ ਗੁਜ਼ਰ ਜਾਂਦੇ ਹਨ। ਉਸ ਕਰਜ਼ ਦੀਆਂ ਕਿਸ਼ਤਾਂ ਉਤਾਰਨ ਲਈ ਵੱਧ ਤੋਂ ਵੱਧ ਕਮਾਈ ਦੇ ਚੱਕਰ ’ਚ ਪਤੀ ਪਤਨੀ ਦੀ ਜ਼ਿੰਦਗੀ ਮਸ਼ੀਨ ਵਾਂਗ ਚੱਲਣ ਲੱਗ ਪੈਂਦੀ ਹੈ। ਉਹ ਦੋਵੇਂ ਚਾਹੁੰਦੇ ਹੋਏ ਵੀ ਇਸ ਮਸ਼ੀਨੀ ਜ਼ਿੰਦਗੀ ਤੋਂ ਬਾਹਰ ਨਹੀਂ ਨਿਕਲ ਪਾਉਂਦੇ।
ਉਨ੍ਹਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ’ਚ ਇੱਕ ਸਮੱਸਿਆ ਬੱਚਿਆਂ ਦੇ ਪਾਲਣ ਪੋਸ਼ਣ ਦੀ ਵੀ ਹੈ। ਇਸ ਸਮੱਸਿਆ ਦੀ ਚਰਚਾ ਕਰਨ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਬੱਚੇ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਬੱਚੇ ਦੀ ਮਾਂ ਨੂੰ ਇੱਕ ਸਾਲ ਦੀ ਤੇ ਪਿਤਾ ਨੂੰ ਇੱਕ ਮਹੀਨੇ ਦੀ ਜਣੇਪਾ ਛੁੱਟੀ, ਛੁੱਟੀ ਦੌਰਾਨ ਮਾਂ ਦੀ ਨੌਕਰੀ ਕੱਚੀ ਹੋਣ ’ਤੇ ਅੱਧੀ ਤਨਖਾਹ, ਪੱਕੀ ਨੌਕਰੀ ਹੋਣ ’ਤੇ ਪੂਰੀ ਤਨਖਾਹ, ਪਿਤਾ ਨੂੰ ਪੂਰੀ ਤਨਖਾਹ, ਮਾਂ ਤੇ ਬੱਚੇ ਨੂੰ ਪੂਰੀਆਂ ਡਾਕਟਰੀ ਸਹੂਲਤਾਂ ਤੇ ਬੱਚੇ ਦੇ ਪਾਲਣ ਪੋਸ਼ਣ ਲਈ ਜਨਮ ਤੋਂ ਹੀ ਮਾਂ-ਬਾਪ ਦੀ ਆਮਦਨ ਅਨੁਸਾਰ ਮਾਲੀ ਸਹਾਇਤਾ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਦੇ ਬਾਵਜੂਦ ਬੱਚੇ ਦੇ ਜਨਮ ਤੋਂ ਬਾਅਦ ਬੱਚੇ ਤੇ ਪਤੀ-ਪਤਨੀ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ, ਜਨਿ੍ਹਾਂ ਦਾ ਸਾਹਮਣਾ ਕਰਨਾ ਆਸਾਨ ਕੰਮ ਨਹੀਂ ਹੁੰਦਾ। ਪਹਿਲੀ ਕਿਸਮ ਉਨ੍ਹਾਂ ਮਾਪਿਆਂ ਦੀ ਹੁੰਦੀ ਹੈ ਜੋ ਬੱਚੇ ਨੂੰ ਕੈਨੇਡਾ ਦਾ ਪੱਕਾ ਨਾਗਰਿਕ ਬਣਾਉਣ ਤੇ ਖ਼ੁਦ ਨੂੰ ਇਸ ਮੁਲਕ ਦਾ ਵਾਸੀ ਬਣਾਉਣ ਦਾ ਲਾਭ ਲੈਣ ਲਈ ਇੱਥੇ ਆ ਕੇ ਬੱਚੇ ਨੂੰ ਜਨਮ ਦਿੰਦੇ ਹਨ। ਜੇਕਰ ਉਹ ਦੋਵੇਂ ਨੌਕਰੀ ਕਰਦੇ ਹਨ, ਉਨ੍ਹਾਂ ਨੇ ਬੈਂਕ ਦੀਆਂ ਕਿਸ਼ਤਾਂ ਉਤਾਰਨੀਆਂ ਹੁੰਦੀਆਂ ਹਨ, ਪਰ ਉਨ੍ਹਾਂ ਦੇ ਪਰਿਵਾਰ ਵਿੱਚ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ, ਉਨ੍ਹਾਂ ਮਾਪਿਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਹਾਂ ਦੇ ਨੌਕਰੀ ’ਤੇ ਚਲੇ ਜਾਣ ਤੋਂ ਬਾਅਦ ਬੱਚੇ ਨੂੰ ਕੌਣ ਸੰਭਾਲੇ? ਉਹ ਨੌਕਰੀਆਂ ਤੇ ਬੱਚਿਆਂ ਦੇ ਪਾਲਣ ਪੋਸ਼ਣ ਵਿਚਕਾਰ ਪਿਸਣ ਲੱਗ ਪੈਂਦੇ ਹਨ। ਦੋਹਾਂ ਦੇ ਨੌਕਰੀ ਕਰਨ ਦੀ ਮਜਬੂਰੀ ਹੋਣ ਕਾਰਨ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰਨ। ਪਰਿਵਾਰ ’ਚ ਤਣਾਅ ਦਾ ਮਾਹੌਲ ਪੈਦਾ ਹੋਣ ਲੱਗ ਪੈਂਦਾ ਹੈ। ਜ਼ਿੰਦਗੀ ਜਿਉਣ ਦਾ ਰਸ ਪੇਤਲਾ ਪੈਣ ਲੱਗਦਾ ਹੈ। ਆਪਣੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਉਹ ਬੱਚਿਆਂ ਦੀ ਦੇਖਭਾਲ ਲਈ ਆਪਣੇ ਮਾਂ-ਬਾਪ, ਸੱਸ-ਸਹੁਰੇ ਅਤੇ ਹੋਰ ਰਿਸ਼ਤੇਦਾਰਾਂ ਨੂੰ ਲਿਆਉਂਦੇ ਹਨ। ਉਨ੍ਹਾਂ ਬਜ਼ੁਰਗਾਂ ਤੇ ਰਿਸ਼ਤੇਦਾਰਾਂ ਦੇ ਆਉਣ ਨਾਲ ਬੱਚਿਆਂ ਦੇ ਪਾਲਣ ਪੋਸ਼ਣ ਤੇ ਦੇਖਭਾਲ ਦੀ ਸਮੱਸਿਆ ਥੋੜ੍ਹੀ ਬਹੁਤ ਤਾਂ ਘੱਟ ਹੋ ਜਾਂਦੀ ਹੈ, ਪਰ ਉਨ੍ਹਾਂ ਦੇ ਆਉਣ ਨਾਲ ਉਨ੍ਹਾਂ ਦੇ ਖਾਣ-ਪੀਣ, ਸਿਹਤ, ਰਹਿਣ-ਸਹਿਣ, ਵਿਚਾਰਕ ਭਿੰਨਤਾ, ਇਲਾਜ, ਉਨ੍ਹਾਂ ਦੇ ਆਉਣ-ਜਾਣ ਅਤੇ ਬੀਮੇ ਦਾ ਖ਼ਰਚ ਤੇ ਹੋਰ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਕਈ ਵਾਰ ਤਾਂ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਤੀ-ਪਤਨੀ ਵਿਚ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਪਤੀ ਬਜ਼ੁਰਗਾਂ ਤੇ ਪਤਨੀ ਵਿਚਕਰ ਪਿਸਣ ਲੱਗ ਪੈਂਦਾ ਹੈ। ਜਨਿ੍ਹਾਂ ਪਤੀ-ਪਤਨੀਆਂ ਦੇ ਬਜ਼ੁਰਗ ਸਾਲ ਛੇ ਮਹੀਨੇ ਦਾ ਅਰਸਾ ਗੁਜ਼ਾਰਨ ਤੋਂ ਬਾਅਦ ਜਾਂ ਫੇਰ ਹੋਰ ਕਾਰਨਾਂ ਕਰਕੇ ਵਾਪਸ ਚਲੇ ਜਾਂਦੇ ਹਨ, ਉਹ ਬੱਚੇ ਦੇ ਪਾਲਣ ਪੋਸ਼ਣ ਜਾਂ ਉਸ ਦੇ ਪ੍ਰਬੰਧ ਲਈ ਡੇ ਕੇਅਰ ਜਾਂ ਫੇਰ ਨੈਨੀ (ਨੌਕਰਾਣੀ) ਦਾ ਪ੍ਰਬੰਧ ਕਰਨ ਦਾ ਯਤਨ ਕਰਦੇ ਹਨ। ਨੈਨੀ ਜਾਂ ਡੇ ਕੇਅਰ ਦਾ ਖ਼ਰਚਾ ਅਦਾ ਕਰਨਾ ਘੱਟ ਆਮਦਨ ਵਾਲੇ ਪਤੀ-ਪਤਨੀ ਦੇ ਵਸ ਦੀ ਗੱਲ ਨਹੀਂ ਕਿਉਂਕਿ ਉਹ ਦੋਵੇਂ ਬਹੁਤ ਮਹਿੰਗੇ ਹਨ।
ਜਿਹੜੇ ਪਤੀ-ਪਤਨੀ ਆਪਣੇ ਬੱਚਿਆਂ ਨੂੰ ਡੇ ਕੇਅਰ ਵਿੱਚ ਭੇਜ ਵੀ ਦਿੰਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਅੱਡ ਤਰ੍ਹਾਂ ਦੀਆਂ ਹੁੰਦੀਆਂ ਹਨ।
ਬੱਚਿਆਂ ਦਾ ਡੇ ਕੇਅਰ ’ਚ ਬਿਮਾਰ ਹੋਣਾ, ਉਨ੍ਹਾਂ ਨੂੰ ਲਿਆਉਣ ਤੇ ਛੱਡਣ ਦੀ ਸਮੱਸਿਆ, ਨੈਨੀ ਦੀਆਂ ਆਦਤਾਂ, ਉਨ੍ਹਾਂ ਦਾ ਵਿਵਹਾਰ, ਉਨ੍ਹਾਂ ਦਾ ਛੇਤੀ ਕੰਮ ਛੱਡ ਕੇ ਚਲੇ ਜਾਣਾ ਬੱਚਿਆਂ ਦੇ ਮਾਪਿਆਂ ਅੱਗੇ ਚੁਣੌਤੀਆਂ ਖੜ੍ਹੀਆਂ ਕਰਦਾ ਹੈ। ਆਰਥਿਕ ਸੰਕਟ ਦੇ ਸ਼ਿਕਾਰ ਮਾਪਿਆਂ ਜਨਿ੍ਹਾਂ ਕੋਲ ਆਉਣ-ਜਾਣ ਦਾ ਸਾਧਨ ਗੱਡੀ ਨਹੀਂ ਹੁੰਦੀ, ਜਿਹੜੇ ਬੇਸਮੈਂਟਾਂ ’ਚ ਰਹਿੰਦੇ ਹਨ ਤੇ ਜਨਿ੍ਹਾਂ ਨੂੰ ਕਈ ਵਾਰ ਨੌਕਰੀ ਲੱਭਣ ਨੂੰ ਸਮਾਂ ਲੱਗ ਜਾਂਦਾ ਹੈ, ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਮਾਪਿਆਂ ਦੀਆਂ ਨੌਕਰੀਆਂ ਹੋਟਲਾਂ, ਰੈਸਟੋਰੈਂਟਾਂ, ਸਕਿਉਰਿਟੀ ਤੇ ਹੋਰ ਖੇਤਰਾਂ ’ਚ ਹੋਣ ਕਰਕੇ ਡਿਊਟੀ ਦੁਪਹਿਰ ਤੋਂ ਬਾਅਦ ਸ਼ੁਰੂ ਹੋ ਕੇ ਰਾਤ ਤੱਕ ਹੁੰਦੀ ਹੈ, ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਰ ਮਹੀਨੇ ਮੌਸਮ ਦੀ ਬਹੁਤ ਜ਼ਿਆਦਾ ਖਰਾਬੀ ਹੋਣ ਕਾਰਨ ਬੱਚਿਆਂ ਦਾ ਘਰਾਂ ਤੋਂ ਬਾਹਰ ਨਾ ਨਿਕਲ ਸਕਣਾ, ਘਰਾਂ ਦੇ ਵਿਹੜੇ ਨਾ ਹੋਣ ਕਾਰਨ ਬੱਚਿਆਂ ਦੇ ਖੇਡਣ ਲਈ ਬੱਚਿਆਂ ਦੀ ਸੰਗਤ ਨਾ ਹੋਣਾ, ਵੱਖ ਵੱਖ ਦੇਸ਼ਾਂ ਦੇ ਲੋਕ ਹੋਣ ਕਾਰਨ ਬੱਚਿਆਂ ਦਾ ਮੇਲ ਮਿਲਾਪ ਨਾ ਹੋਣਾ, ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਪਾਲਣ ਪੋਸ਼ਣ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰਦੇ ਹਨ। ਕੈਨੇਡਾ ਦੇ ਕਾਨੂੰਨ ਅਨੁਸਾਰ ਗੱਡੀ ’ਚ ਸਫ਼ਰ ਕਰਦਿਆਂ ਬੱਚੇ ਦੇ ਮਾਪੇ ਉਸ ਨੂੰ ਗੋਦੀ ’ਚ ਨਹੀਂ ਲੈ ਸਕਦੇ, ਉਸ ਲਈ ਅੱਡ ਸੀਟ ਹੋਣੀ ਜ਼ਰੂਰੀ ਹੈ। ਜੇਕਰ ਮਾਪੇ ਇਸ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਪੁਲੀਸ ਇਹ ਕਹਿ ਕੇ ਬੱਚੇ ਨੂੰ ਲੈ ਜਾਂਦੀ ਹੈ ਕਿ ਤੁਸੀਂ ਆਪਣੇ ਬੱਚੇ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਨਹੀਂ ਕਰ ਸਕਦੇ। ਘਰਾਂ ਵਿੱਚ ਬੱਚੇ ਦੇ ਸੌਣ ਦੇ ਵੀ ਕਾਨੂੰਨ ਬਹੁਤ ਸਖ਼ਤ ਹਨ। ਇੱਥੋਂ ਦੇ ਪੌਣ ਪਾਣੀ ਤੇ ਮੌਸਮ ਅਨੁਸਾਰ ਇੱਥੋਂ ਦੇ ਬੱਚਿਆਂ ਦੇ ਸਰੀਰ ਦੀਆਂ ਕਿਰਿਆਵਾਂ, ਰਿੜ੍ਹਨਾ, ਬੈਠਣਾ, ਤੁਰਨਾ, ਦੰਦ ਕੱਢਣਾ ਅਤੇ ਬੋਲਣਾ ਸਮੇਂ ਸਿਰ ਨਹੀਂ ਹੁੰਦੀਆਂ। ਸਕੂਲਾਂ ਅਤੇ ਘਰਾਂ ਵਿੱਚ ਬੱਚਿਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਤੇ ਗ਼ਲਤੀ ਕਰਨ ’ਤੇ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਹੈ, ਝਿੜਕਿਆ ਵੀ ਨਹੀਂ ਜਾ ਸਕਦਾ। ਇਸ ਕਾਨੂੰਨ ਨੇ ਬੱਚਿਆਂ ਨੂੰ ਬਾਗੀ ਅਤੇ ਮਾਪਿਆਂ ਨੂੰ ਬੇਵੱਸ ਕਰਕੇ ਰੱਖ ਦਿੱਤਾ ਹੈ। ਪੰਜ ਸਾਲ ਦੀ ਉਮਰ ਵਿੱਚ ਸਕੂਲ ਭੇਜਣ ਦੇ ਕਾਨੂੰਨ ਕਾਰਨ ਬੱਚਿਆਂ ਨੂੰ ਘਰ ਵਿੱਚ ਸੰਭਾਲਣਾ ਮਾਪਿਆਂ ਲਈ ਔਖ ਪੈਦਾ ਕਰ ਦਿੰਦਾ ਹੈ।
ਮਾਤ ਭਾਸ਼ਾ ਅਤੇ ਅੰਗਰੇਜ਼ੀ ਨੂੰ ਲੈ ਕੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਮੱਸਿਆ ਪੇਸ਼ ਆਉਂਦੀ ਹੈ। ਭਾਵੇਂ ਇਸ ਦੇਸ਼ ਦੀ ਸਰਕਾਰ ਨੇ ਬੱਚਿਆਂ ਲਈ ਅਰਲੀ ਆਨ ਜਿਹੇ ਪ੍ਰੋਗਰਾਮ ਚਲਾਏ ਹੋਏ ਹਨ, ਪਰ ਇਸ ਦੇ ਬਾਵਜੂਦ ਮਾਪਿਆਂ ਲਈ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਆਸਾਨ ਕੰਮ ਨਹੀਂ। ਭਾਵੇਂ ਸਾਡੇ ਦੇਸ਼ ’ਚ ਵੀ ਨੌਕਰੀ ਪੇਸ਼ਾ ਪਤੀ-ਪਤਨੀ ਨੂੰ ਬੱਚਿਆਂ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉੱਥੇ ਘਰ ’ਚ ਕੰਮ ਕਰਨ ਲਈ ਅਤੇ ਬੱਚਾ ਸੰਭਾਲਣ ਲਈ ਘੱਟ ਪੈਸਿਆਂ ਵਿੱਚ ਔਰਤਾਂ ਮਿਲ ਜਾਂਦੀਆਂ ਹਨ। ਬੱਚੇ ਦੇ ਪਾਲਣ ਪੋਸ਼ਣ ਲਈ ਪਰਿਵਾਰ ਦੇ ਬਜ਼ੁਰਗ ਜਾਂ ਫੇਰ ਕੋਈ ਹੋਰ ਆਸਾਨੀ ਨਾਲ ਆ ਜਾ ਸਕਦੇ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਬਹੁਤ ਘੱਟ ਹੁੰਦੀਆਂ ਹਨ। ਵੱਡੇ ਸ਼ਹਿਰਾਂ ’ਚ ਆਉਣ ਜਾਣ ਅਤੇ ਡਾਕਟਰੀ ਸਹੂਲਤਾਂ ਦੀ ਸਮੱਸਿਆ ਵੀ ਬਹੁਤ ਘੱਟ ਹੁੰਦੀ ਹੈ। ਘੱਟ ਖ਼ਰਚੇ ਵਿੱਚ ਵੀ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ ਹੈ। ਅਜਿਹੀ ਕੋਈ ਥਾਂ ਨਹੀਂ ਜਿੱਥੇ ਸਮੱਸਿਆਵਾਂ ਨਾ ਹੋਣ, ਪਰ ਸਮੱਸਿਆਵਾਂ ਦਾ ਹੱਲ ਕਰਨਾ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ।
ਬੱਚੇ ਦੇ ਪਾਲਣ ਪੋਸ਼ਣ ਨੂੰ ਆਸਾਨ ਕਰਨ ਲਈ ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਕਮਾਉਂਦੇ ਬੱਚਿਆਂ ਲਈ ਹੀ ਹਾਂ। ਜੇਕਰ ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਹੀ ਠੀਕ ਨਾ ਹੋਇਆ ਤਾਂ ਕਮਾਈ ਦਾ ਵੀ ਕੀ ਲਾਭ। ਸਭ ਤੋਂ ਪਹਿਲਾਂ ਬੱਚੇ ਦੇ ਪਾਲਣ ਪੋਸ਼ਣ ਨੂੰ ਤਰਜੀਹ ਦਿੱਤੀ ਜਾਵੇ। ਜੇਕਰ ਬੱਚੇ ਦੇ ਪਾਲਣ ਪੋਸ਼ਣ ਲਈ ਬਜ਼ੁਰਗਾਂ ਨੂੰ ਲਿਆਂਦਾ ਜਾਵੇ ਤਾਂ ਉਨ੍ਹਾਂ ਦਾ ਹਰ ਪੱਖੋਂ ਧਿਆਨ ਰੱਖਿਆ ਜਾਵੇ। ਉਨ੍ਹਾਂ ਨੂੰ ਇਹ ਨਾ ਲੱਗੇ ਕਿ ਉਹ ਆ ਕੇ ਫਸ ਗਏ ਹਨ। ਪਤੀ-ਪਤਨੀ ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇਣ। ਬੱਚੇ ਦੇ ਚੰਗੇ ਪਾਲਣ ਪੋਸ਼ਣ ਲਈ ਜੇਕਰ ਹੋ ਸਕੇ ਤਾਂ ਪਤਨੀ ਨੂੰ ਥੋੜ੍ਹੇ ਸਮੇਂ ਲਈ ਨੌਕਰੀ ਛੱਡ ਦੇਣੀ ਚਾਹੀਦੀ ਹੈ ਜਾਂ ਫੇਰ ਕੋਈ ਅਜਿਹਾ ਕੰਮ ਵੇਖ ਲੈਣਾ ਚਾਹੀਦਾ ਹੈ ਜੋ ਘਰ ਤੋਂ ਹੋ ਸਕੇ। ਡੇ ਕੇਅਰ ਅਤੇ ਨੈਨੀ ਦੀ ਚੋਣ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਸ ਦੁਨੀਆ ਵਿੱਚ ਮਾਂ ਦਾ ਕੋਈ ਬਦਲ ਨਹੀਂ ਹੈ। ਬੱਚਿਆਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਆਪਣੀ ਮਾਤ ਭਾਸ਼ਾ ਨਾਲ ਵੀ ਜੋੜ ਕੇ ਰੱਖਿਆ ਜਾਵੇ।

ਸੰਪਰਕ: 98726-27136

Advertisement

Advertisement