For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ ਬਿੱਟੂ ਨੂੰ ਉਭਾਰਨਾ ਪੰਜਾਬ ਲਈ ਖ਼ਤਰਨਾਕ: ਰੰਧਾਵਾ

08:39 AM Jun 14, 2024 IST
ਭਾਜਪਾ ਵੱਲੋਂ ਬਿੱਟੂ ਨੂੰ ਉਭਾਰਨਾ ਪੰਜਾਬ ਲਈ ਖ਼ਤਰਨਾਕ  ਰੰਧਾਵਾ
ਦੀਨਾਨਗਰ ’ਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ।
Advertisement

ਸਰਬਜੀਤ ਸਾਗਰ
ਦੀਨਾਨਗਰ, 13 ਜੂਨ
ਗੁਰਦਾਸਪੁਰ ਹਲਕੇ ਤੋਂ ਨਵੇਂ ਚੁਣੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਨਵੇਂ ਬਣੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਭਾਰ ਨੂੰ ਪੰਜਾਬ ਵਾਸਤੇ ਠੀਕ ਨਾ ਦੱਸਦਿਆਂ ਕਿਹਾ ਕਿ ਭਵਿੱਖ ’ਚ ਇਸ ਦੇ ਖ਼ਤਰਨਾਕ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਤੀ ਪੰਜਾਬ ਨੂੰ ਕਮਜ਼ੋਰ ਕਰਨ ਵਾਲੀ ਹੈ ਅਤੇ ਕੰਗਨਾ ਰਣੌਤ ਦਾ ਮਾਮਲਾ ਇਸ ਦੀ ਸੱਜਰੀ ਮਿਸਾਲ ਹੈ। ਸ੍ਰੀ ਰੰਧਾਵਾ ਚੋਣਾਂ ’ਚ ਜਿੱਤ ਮਗਰੋਂ ਦੀਨਾਨਗਰ ’ਚ ਧੰਨਵਾਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਰੰਧਾਵਾ ਨੇ ਆਖਿਆ ਕਿ ਕਾਂਗਰਸ ਪਾਰਟੀ ’ਚ ਰਹਿੰਦਿਆਂ ਖੁੱਲ੍ਹ ਕੇ ਬੋਲਣ ਵਾਲੇ ਸੁਨੀਲ ਜਾਖੜ ਹੁਣ ਹਿੰਦੂ ਲੀਡਰ ਨੂੰ ਅਣਗੌਲਿਆਂ ਕਰਕੇ ਬਿੱਟੂ ਵਰਗੇ ਸਿੱਖ ਨੂੰ ਉਭਾਰਨ ਵਾਲੀ ਭਾਜਪਾ ਦੇ ਇਸ ਫ਼ੈਸਲੇ ਖ਼ਿਲਾਫ਼ ਕਿਉਂ ਨਹੀਂ ਬੋਲ ਰਹੇ। ਇਸ ਮੌਕੇ ਉਨ੍ਹਾਂ ਇਹ ਵੀ ਆਖਿਆ ਕਿ ‘ਆਪ’ ਸਰਕਾਰ ਨੂੰ ਜਨਤਾ ਨਾਲ ਝੂਠੇ ਵਾਅਦਿਆਂ ਦਾ ਖ਼ਮਿਆਜ਼ਾ ਲੋਕ ਸਭਾ ਚੋਣਾਂ ਭੁਗਤਣਾ ਪਿਆ ਹੈ।
ਵਿਧਾਇਕ ਅਰੁਣਾ ਚੌਧਰੀ ਵੱਲੋਂ ਕਰਵਾਈ ਮੀਟਿੰਗ ’ਚ ਰੰਧਾਵਾ ਨੇ ਜਿੱਤ ਲਈ ਕਾਂਗਰਸੀ ਵਰਕਰਾਂ ਤੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੀਨਾਨਗਰ ਹਲਕੇ ’ਚ ਬਕਾਇਆ ਵਿਕਾਸ ਕਾਰਜ ਤਰਜੀਹੀ ਤੌਰ ’ਤੇ ਕਰਵਾਏ ਜਾਣਗੇ ਤੇ ਜੇਕਰ ਰੇਲਵੇ ਓਵਰਬ੍ਰਿਜ ਨੂੰ ਪੰਜਾਬ ਸਰਕਾਰ ਨੇ ਮੁਕੰਮਲ ਨਾ ਕਰਵਾਇਆ ਤਾਂ ਉਹ ਆਪਣੀ ਪਹਿਲੀ ਗਰਾਂਟ ਹੀ ਪੁਲ ’ਤੇ ਖਰਚ ਕੇ ਇਸ ਨੂੰ ਆਵਾਜਾਈ ਲਈ ਚਾਲੂ ਕਰਵਾਉਣਗੇ। ਸੰਸਦ ਮੈਂਬਰ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜਨਤਾ ਨਾਲ ਝੂਠੇ ਵਾਅਦੇ ਕਰਨ ਦਾ ਖ਼ਮਿਆਜ਼ਾ ਪਾਰਟੀ ਨੂੰ ਚੋਣਾਂ ’ਚ ਭੁਗਤਣਾ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਰਕਾਰ ਕਾਰਜਕਾਲ ਪੂਰਾ ਨਹੀਂ ਕਰੇਗੀ ਤੇ ਲੋਕਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇਖਣ ਨੂੰ ਮਿਲ ਸਕਦੀਆਂ ਹਨ। ਰੰਧਾਵਾ ਭਗਵੰਤ ਮਾਨ ਦੀ ਕੁਰਸੀ ਖੁੱਸਣ ਦੀ ਗੱਲ ਵੀ ਆਖੀ ਤੇ ਕਿਹਾ ਕਿ ਜੇਕਰ ਦੁਬਾਰਾ ਚੋਣਾਂ ਹੋਈਆਂ ਤਾਂ ‘ਆਪ’ ਦੀ 0-91 ਨਾਲ ਹਾਰ ਹੋਵੇਗੀ। ਇਸ ਤੋਂ ਪਹਿਲਾਂ ਵਿਧਾਇਕ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਵੱਲੋਂ ਰੰਧਾਵਾ ਦਾ ਸਵਾਗਤ ਕਰਦਿਆਂ ਸਿਰੋਪਾ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×