ਸਰ੍ਹੋਂ ਦੀ ਫਸਲ ’ਤੇ ਨਦੀਨਾਂ ਦਾ ਹਮਲਾ ਰੋਕਣ ਬਾਰੇ ਜਾਗਰੂਕ ਕੀਤਾ
ਪੱਤਰ ਪ੍ਰੇਰਕ
ਮਾਛੀਵਾੜਾ, 6 ਜਨਵਰੀ
ਖੇਤੀਬਾੜੀ ਵਿਭਾਗ ਵੱਲੋਂ ਠੰਢ ਦੇ ਮੌਸਮ ਵਿਚ ਸਰ੍ਹੋਂ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਅੱਜ ਇਸ ਸਬੰਧੀ ਸਹਾਇਕ ਤੇਲ ਬੀਜ ਪ੍ਰਸਾਰ ਅਫ਼ਸਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਠੰਢ ’ਚ ਸੂਰਜ ਨਾ ਨਿਕਲਣ ਤੇ ਕੋਰਾ ਡਿੱਗਣ ਕਾਰਨ ਨਮੀ ਬਣੀ ਰਹਿੰਦੀ ਹੈ ਜੋ ਕਿ ਸਰ੍ਹੋਂ ਦੀ ਫਸਲ ਲਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਬੂਟਿਆਂ ’ਚ ਬਿਮਾਰੀ ਵਾਲੇ ਪੱਤੇ ਹੁੰਦੇ ਹਨ ਉਨ੍ਹਾਂ ਦਾ ਝਾੜ ਵੀ 30 ਫੀਸਦੀ ਘਟ ਜਾਂਦਾ ਹੈ। ਇਸ ਲਈ ਕਿਸਾਨ ਵੀਰ ਰੋਜ਼ਾਨਾ ਆਪਣੀ ਫਸਲ ਦਾ ਖੇਤਾਂ ਵਿਚ ਜਾ ਕੇ ਜਾਇਜ਼ਾ ਜ਼ਰੂਰ ਲੈਣ। ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਸਰ੍ਹੋਂ ਦੀ ਫਸਲ ਦੇ ਹੇਠਲੇ ਪੱਤਿਆਂ ’ਤੇ ਝੁਲਸ ਰੋਗ ਦੀ ਬਿਮਾਰੀ ਕਾਲੇ ਧੱਬਿਆਂ ਵਿਚ ਨਜ਼ਰ ਆਉਂਦੀ ਹੈ ਅਤੇ ਇਸ ਤੋਂ ਬਚਾਉਣ ਲਈ 2 ਸਪਰੇਆਂ ਟਿਲਟ 200 ਮਿਲੀ ਲੀਟਰ, ਫੁਲੀਕਰ 100 ਮਿ.ਲੀ. ਜਾਂ ਸੰਕੋਰ 100 ਮਿਲੀ ਲੀਟਰ. ਪ੍ਰਤੀ ਏਕੜ 100 ਲਿਟਰ ਪਾਣੀ ਵਿਚ ਘੋਲ ਕੇ ਪਾਓ। ਇਸ ਤੋਂ ਇਲਾਵਾ ਸਰ੍ਹੋਂ ਦੀ ਫਸਲ ਨੂੰ ਚਿੱਟੀ ਕੂੰਗੀ ਦੀ ਬਿਮਾਰੀ ਵੀ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬਿਆਂ ਵਿਚ ਨਜ਼ਰ ਆਉਂਦੀ ਹੈ। ਇਸ ਤੋਂ ਬਚਣ ਵਾਸਤੇ 250 ਗ੍ਰਾਮ ਰਿਡੋਮਿਲ ਦਵਾਈ ਦਾ ਛਿੜਕਾਅ ਬੀਜਾਈ ਦੇ 60 ਤੋਂ 80 ਦਿਨ ਬਾਅਦ ਕੀਤਾ ਜਾਵੇ।