ਫੁਟਬਾਲ ਦੀ ਟਰਾਫੀ ਰਾਏਪੁਰ ਰਾਈਆਂ ਨੇ ਜਿੱਤੀ
ਪੱਤਰ ਪ੍ਰੇਰਕ
ਫਿਲੌਰ, 12 ਫਰਵਰੀ
ਇਥੋਂ ਦੀ ਫੁਟਬਾਲ ਅਕੈਡਮੀ ਵਲੋਂ ਸਾਬਕਾ ਸੰਸਦੀ ਸਕੱਤਰ ਗੁਰਬਿੰਦਰ ਸਿੰਘ ਅਟਵਾਲ ਦੀ ਯਾਦ ਵਿੱਚ ਤਿੰਨ ਰੋਜ਼ਾ ਫੁਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਫਾਈਨਲ ਟੂਰਨਾਮੈਂਟ ਫਿਲੌਰ ਅਤੇ ਰਾਏਪੁਰ ਰਾਈਆ ਵਿਚਕਾਰ ਕਰਵਾਇਆ ਗਿਆ ਜਿਸ ਵਿਚ ਰਾਏਪੁਰ ਰਾਈਆਂ ਦੀ ਟੀਮ ਨੇ ਜਿੱਤ ਹਾਸਲ ਕੀਤੀ। ਦੇਰ ਸ਼ਾਮ ਕਲਾਕਾਰ ਇੰਦਰ ਨਾਗਰਾ, ਜੀ ਖਾਨ ਤੇ ਆਤਮਾ ਬੁੱਢੇਵਾਲੀਆ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਟੂਰਨਾਮੈਂਟ ਵਿੱਚ ਸਹਿਯੋਗ ਦੇਣ ਵਾਲੇ ਪਰਵਾਸੀ ਭਾਰਤੀ ਰਾਹੁਲ ਕੈਨੇਡਾ, ਇੰਟਰਨੈਸ਼ਨਲ ਕਬੱਡੀ ਖਿਡਾਰੀ ਅਤੇ ਪਰਮੋਟਰ ਮੱਖਣ ਸਿੰਘ ਹੇਅਰ, ਗੋਗੀ ਸੋਮਲ, ਅਮਰ ਅਤੇ ਹੋਰਨਾਂ ਸਹਿਯੋਗੀਆਂ ਦਾ ਮੁੱਖ ਪ੍ਰਬੰਧਕ ਰਾਜਾ ਅਟਵਾਲ ਨੇ ਧੰਨਵਾਦ ਕੀਤਾ। ਟੂਰਨਾਮੈਂਟ ਦੇ ਅਖੀਰਲੇ ਦਿਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜੋਗਿੰਦਰ ਸਿੰਘ ਬਾਸੀ ਗਾਉਂਦਾ ਪੰਜਾਬ ਰੇਡੀਓ ਕੈਨੇਡਾ, ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਤੋਂ ਇਲਾਵਾ ਕਈ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ। ਇਸ ਮੌਕੇ ਬਾਬਾ ਸ਼ੰਭੂ ਰਾਮ ਚੇਅਰਮੈਨ, ਜਨਰਲ ਸਕੱਤਰ ਜਗਦੀਸ਼ ਲਾਲ, ਮਨੀ ਧਾਲੀਵਾਲ ਪ੍ਰਧਾਨ, ਟੀਮ ਮੈਨੇਜਰ ਅਤੇ ਸਲਾਹਕਾਰ ਪਰਮਜੀਤ ਚੌਹਾਨ ਆਦਿ ਹਾਜ਼ਰ ਸਨ।