ਵਾਟਰ ਬੂਸਟਰ ਪਲਾਂਟ ਦੇ ਟੈਂਕਰਾਂ ’ਚ ਰਲਿਆ ਬਰਸਾਤੀ ਪਾਣੀ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 12 ਜੁਲਾਈ
ਇੱਥੋਂ ਦੇ ਫੇਜ਼-10 ਸਥਿਤ ਅੰਡਰ-ਗਰਾਊਂਡ ਵਾਟਰ ਬੂਸਟਰ ਪਲਾਂਟ ਵਿੱਚ ਬਰਸਾਤੀ ਪਾਣੀ ਰਲਣ ਕਾਰਨ ਪੀਣ ਵਾਲਾ ਪਾਣੀ ਦੂਸ਼ਿਤ ਹੋ ਗਿਆ ਹੈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਪਲਾਂਟ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਨਰਪਿੰਦਰ ਸਿੰਘ ਰੰਗੀ ਤੇ ਕੁਲਵੰਤ ਸਿੰਘ ਕਲੇਰ, ਸਮਾਜ ਸੇਵੀ ਗੁਰਚਰਨ ਸਿੰਘ ਭੰਵਰਾ, ਸਿਮਰਨਜੀਤ ਸਿੰਘ ਹਾਜ਼ਰ ਸਨ। ਉਧਰ, ਫੇਜ਼-9, ਫੇਜ਼-10 ਅਤੇ ਫੇਜ਼-11 ਦੇ ਕੌਂਸਲਰਾਂ ਦੀ ਅਪੀਲ ’ਤੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਟੈਂਕੀਆਂ ਦੀ ਸਫ਼ਾਈ ਸ਼ੁਰੂ ਕੀਤੀ ਗਈ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਫੇਜ਼-9, ਫੇਜ਼-10 ਅਤੇ ਫੇਜ਼-11 ਦੇ ਵਸਨੀਕਾਂ ਨੂੰ ੲਿਸ ਵਾਟਰ ਬੂਸਟਰ ਪਲਾਂਟ ਤੋਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਪਿਛਲੇ ਦਨਿੀਂ ਭਾਰੀ ਬਰਸਾਤ ਹੋਣ ਕਾਰਨ ਗੰਦਾ ਪਾਣੀ ਟੈਂਕਰਾਂ ਵਿੱਚ ਚਲਾ ਗਿਆ, ਜਿਸ ਕਾਰਨ ਪੀਣ ਵਾਲਾ ਪਾਣੀ ਦੂਸ਼ਿਤ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪਾਣੀ ਦੀ ਸਪਲਾਈ ਦਾ ਮਾਮਲਾ ਨਹੀਂ ਹੈ ਸਗੋਂ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਹੈ। ਮੇਅਰ ਨੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਫੌਰੀ ਤੌਰ ’ਤੇ ਸਫ਼ਾਈ ਦਾ ਕੰਮ ਮੁਕੰਮਲ ਕਰਵਾਇਆ ਜਾਵੇ ਅਤੇ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਉਪਲਬਧ ਕਰਵਾਇਆ ਜਾਵੇ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਦੋ ਦਨਿ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਲੋੜ ਪੈਂਦੀ ਹੈ ਤਾਂ ਨਗਰ ਨਿਗਮ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਪਾਣੀ ਦੇ ਟੈਂਕ ਉਪਲਬਧ ਕਰਵਾਏ ਜਾਣਗੇ।
ਇਸੇ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਪ੍ਰਭਾਵਿਤ ਹੋਈ 95 ਫੀਸਦੀ ਬਿਜਲੀ ਸਪਲਾਈ ਮੁੜ ਸ਼ੁਰੂ ਹੋ ਚੁੱਕੀ ਹੈ। ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਕਾਰਨ ਕਰੀਬ 32 ਜਲ ਸਪਲਾਈ ਘਰ ਬੰਦ ਹੋਣ ਦੀ ਸੂਚਨਾ ਮਿਲੀ ਸੀ, ਜਨਿ੍ਹਾਂ ’ਚੋਂ ਹੁਣ 27 ਜਲਘਰ ਚਾਲੂ ਕਰ ਦਿੱਤੇ ਗਏ ਹਨ, ਜਦੋਂਕਿ ਬਾਕੀ ਪੰਜ ਵੀਰਵਾਰ ਸ਼ਾਮ ਤੱਕ ਕੰਮ ਸ਼ੁਰੂ ਹੋ ਜਾਣਗੇ।
ਮਿਲਕਫੈੱਡ ਦੇ ਚੇਅਰਮੈਨ ਨੇ ਰਾਹਤ ਸਮੱਗਰੀ ਦਾ ਟਰੱਕ ਭੇਜਿਆ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁਹਾਲੀ ਵੇਰਕਾ ਮਿਲਕ ਪਲਾਂਟ ਸਮੇਤ ਹੋਰ ਵੱਖ-ਵੱਖ ਮਿਲਕ ਪਲਾਂਟਾਂ ਦੇ ਸਹਿਯੋਗ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਵੇਰਕਾ ਮਿਲਕ ਪਲਾਂਟ ਮੁਹਾਲੀ ਤੋਂ ਹੜ੍ਹ ਪੀੜਤਾਂ ਲਈ ਖੁਰਾਕ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਮਿਲਕ ਪਲਾਂਟਾਂ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੇ ਲਈ ਵੱਖ-ਵੱਖ ਪ੍ਰਕਾਰ ਦੀਆਂ 41,800 ਖ਼ੁਰਾਕ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ ਅਤੇ 7000 ਕਿੱਟਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਿਲਕਫੈੱਡ ਅਤੇ ਮਾਰਕਫੈੱਡ ਵੱਲੋਂ ਉਨ੍ਹਾਂ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਲਈ ਪੰਜਾਬ ਵਿੱਚ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਮੁਹਾਲੀ ਵਿੱਚ ਖਾਣ-ਪੀਣ ਦੀ ਰਾਹਤ ਸਮੱਗਰੀ ਤਿਆਰ ਕਰਨ ਅਤੇ ਸਪਲਾਈ ਕਰਨ ਲਈ ਸੈਂਟਰ ਸਥਾਪਿਤ ਕੀਤੇ ਗਏ ਹਨ। ਹੁਣ ਤੱਕ ਮਿਲਕਫੈੱਡ ਨੂੰ ਸਰਕਾਰ ਤੋਂ 50 ਹਜ਼ਾਰ ਪੈਕਟ ਭੋਜਨ ਪੈਕੇਟਾਂ ਦੀ ਮੰਗ ਪ੍ਰਾਪਤ ਹੋਈ ਹੈ।
ਐੱਸਡੀਐੱਮ ਵੱਲੋਂ ਥਰਮਲ ਪਲਾਂਟ ਰੂਪਨਗਰ ਦਾ ਦੌਰਾ
ਰੂਪਨਗਰ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਮਾਈਕਰੋਹਾਈਡਲ ਚੈਨਲ ਨਹਿਰ ਟੁੱਟਣ ਦਾ ਕੋਈ ਖ਼ਤਰਾ ਨਹੀਂ ਹੈ, ਬਲਕਿ ਨਹਿਰ ਥੱਲੇ ਦੱਬੀਆਂ ਪਾਈਪਾਂ ਰਾਹੀਂ ਪਾਣੀ ਰਿਸ ਰਿਹਾ ਹੈ। ਪਲਾਂਟ ਦਾ ਦੌਰਾ ਕਰਨ ਆਏ ਰੂਪਨਗਰ ਦੇ ਐੱਸਡੀਐੱਮ ਹਰਬੰਸ ਸਿੰਘ, ਤਹਿਸੀਲਦਾਰ ਜਸਪ੍ਰੀਤ ਸਿੰਘ ਤੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਨੂੰ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜੀਨੀਅਰ ਮਨਜੀਤ ਸਿੰਘ ਨੇ ਦੱਸੀਆਂ। ਉਨ੍ਹਾਂ ਦੱਸਿਆ ਕਿ ਨਹਿਰ ਥੱਲੇ ਦੱਬੇ ਹੋਏ ਪਾਈਪ ਇਸ ਸਮੇਂ ਦਿਖਾਈ ਨਾ ਦੇ ਰਹੇ ਹੋਣ ਕਾਰਨ ਲੋਕਾਂ ਨੂੰ ਨਹਿਰ ਥੱਲਿਉਂ ਖਡ ਵਗੈਰਾ ਪਈ ਹੋਣ ਦਾ ਭਰਮ ਪੈਦਾ ਹੋ ਗਿਆ ਸੀ, ਪਰ ਅਜਿਹੀ ਕੋਈ ਗੱਲ ਨਹੀਂ ਹੈ ਤੇ ਥਰਮਲ ਵਾਲੇ ਪਾਸਿਓਂ ਬਰਸਾਤੀ ਪਾਣੀ ਨਿਕਲਣ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਦੀ ਲੀਕੇਜ ਆਪਣੇ-ਆਪ ਹੀ ਬੰਦ ਹੋ ਜਾਵੇਗੀ।