ਮੀਂਹ ਨੇ ਜ਼ੀਰਕਪੁਰ ਤੇ ਡੇਰਾਬੱਸੀ ’ਚ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ
ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬੱਸੀ, 21 ਅਗਸਤ
ਪੈ ਰਹੇ ਭਰਵੇਂ ਮੀਂਹ ਨੇ ਜ਼ੀਰਕਪੁਰ ਅਤੇ ਡੇਰਾਬੱਸੀ ਨਗਰ ਕੌਂਸਲਾਂ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਦੋਵਾਂ ਸ਼ਹਿਰਾਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਥਾਂ ਥਾਂ ਪਾਣੀ ਭਰ ਗਿਆ ਹੈ।
ਜਾਣਕਾਰੀ ਅਨੁਸਾਰ ਜ਼ੀਰਕਪੁਰ-ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਫਲਾਈਓਵਰ ਦੇ ਹੇਠਾਂ ਪਹਿਲਾਂ ਵਾਂਗ ਪਟਿਆਲਾ ਚੌਂਕ ’ਤੇ ਪਾਣੀ ਭਰਨ ਨਾਲ ਜਾਮ ਲੱਗ ਗਿਆ। ਕੁੱ ਝ ਹੀ ਪਲਾਂ ਵਿੱਚ ਸ਼ਹਿਰ ਦੀਆਂ ਸਾਰੀ ਸੜਕਾਂ ’ਤੇ ਵਾਹਨਾਂ ਦੀ ਲੰਮੀਆਂ ਲਾਈਨਾਂ ਲੱਗ ਗਈਆਂ। ਜਾਮ ਵਿੱਚ ਫਸੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਲਟਾਣਾ ਖੇਤਰ ਵਿੱਚ ਵੀ ਥਾਂ-ਥਾਂ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆਈ। ਜ਼ੀਰਕਪੁਰ-ਪਟਿਆਲਾ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਅਤੇ ਲਿੰਕ ਸੜਕਾਂ ਤੇ ਰਿਹਾਇਸ਼ੀ ਖੇਤਰ ਦੀਆਂ ਸੜਕਾਂ ’ਤੇ ਥਾਂ ਥਾਂ ਚਿੱਕੜ ਜਮ੍ਹਾਂ ਹੋ ਗਿਆ।
ਇਸੇ ਤਰ੍ਹਾਂ ਡੇਰਾਬੱਸੀ ਖੇਤਰ ਵਿੱਚ ਪਏ ਮੀਂਹ ਕਾਰਨ ਬਰਵਾਲਾ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ। ਸੜਕ ’ਤੇ ਭਰਿਆਂ ਪਾਣੀ ਘਰਾਂ ਅਤੇ ਦੁਕਾਨਾਂ ਵਿੱਚ ਦਾਖ਼ਲ ਹੋ ਗਿਆ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੌਂਸਲ ਨੇ ਹੁਣ ਤੱਕ ਡਰੇਨਾਂ ਦੀ ਸਫ਼ਾਈ ਨਹੀਂ ਕਰਵਾਈ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਬਰਵਾਲਾ ਸੜਕ ’ਤੇ ਗਲੀ ਨੰਬਰ 6 ਵਿੱਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਏ ਮੀਂਹ ਕਾਰਨ ਇਸੇ ਤਰ੍ਹਾਂ ਪਾਣੀ ਭਰ ਗਿਆ ਸੀ। ਊਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਨਿਕਾਸੀ ਪ੍ਰਬੰਧਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਸੀ, ਪਰ ਅੱਜ ਪਏ ਮੀਂਹ ਤੋਂ ਬਾਅਦ ਦੇ ਹਾਲਾਤ ਵੇਖ ਕੇ ਜਾਪਦਾ ਹੈ ਕਿ ਕੌਂਸਲ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਬਰਵਾਲਾ ਸੜਕ ’ਤੇ ਪਾਣੀ ਭਰਨ ਕਾਰਨ ਭਗਤ ਸਿੰਘ ਨਗਰ ਦੀਆਂ ਸਾਰੀ ਗਲੀਆਂ ਸਮੇਤ ਸ਼ਿਵ ਪੁਰੀ ਕਲੋਨੀ, ਗੁਲਾਬਗੜ੍ਹ ਸੜਕ, ਰਾਮਲੀਲ੍ਹਾ ਮੈਦਾਨ, ਅਕਾਲੀ ਮਾਰਕੀਟ ਸਮੇਤ ਹੋਰ ਥਾਂਵਾਂ ਵੀ ਜਲ-ਥਲ ਹੋ ਗਈਆਂ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮਾਂ ਰਹਿੰਦੇ ਡਰੇਨਾਂ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ।