ਮੀਂਹ ਨੇ ਖੋਲ੍ਹੀ ਵਿਕਾਸ ਕੰਮਾਂ ਦੇ ਦਾਅਵਿਆਂ ਦੀ ਪੋਲ
ਪਰਮਜੀਤ ਸਿੰਘ
ਫ਼ਾਜ਼ਿਲਕਾ, 20 ਅਗਸਤ
ਫ਼ਾਜ਼ਿਲਕਾ ਜ਼ਿਲ੍ਹੇ ਤੇ ਆਲੇ ਦੁਆਲੇ ਦੇ ਇਲਾਕੇ ’ਚ ਅੱਜ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਬੀਤੇ ਕਈ ਦਨਿਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਦੁਆਈ ਉਥੇ ਹੀ ਕਦੇ ਰੁਕ ਰੁਕ ਕੇ ਤੇ ਕਦੇ ਤੇਜ਼ ਪਏ ਮੀਂਹ ਨੇ ਇਲਾਕੇ ’ਚ ਹੋਏ ਵਿਕਾਸ ਕੰਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਪਿਛਲੇ ਕੁਝ ਦਨਿਾਂ ਤੋਂ ਪੂਰੇ ਪੰਜਾਬ ’ਚ ਤੇਜ਼ ਗਰਮੀ ਪੈ ਰਹੀ ਸੀ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਿਜਲੀ ਦੇ ਲਗਾਏ ਜਾ ਰਹੇ ਕੱਟਾਂ ਨੇ ਇਨ੍ਹਾਂ ਪ੍ਰੇਸ਼ਾਨੀਆਂ ’ਚ ਹੋਰ ਵਾਧਾ ਕੀਤਾ ਹੋਇਆ ਸੀ। ਉਥੇ ਹੀ ਅੱਜ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਤੱਕ ਕਦੇ ਤੇਜ਼ ਅਤੇ ਕਦੇ ਮੱਠੇ ਪਏ ਮੀਂਹ ਨੇ ਜਿਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਰਾਹਤ ਦੁਆਈ ਉਥੇ ਹੀ ਸਰਕਾਰਾਂ ਵੱਲੋਂ ਇਲਾਕੇ ’ਚ ਕਰਵਾਏ ਵਿਕਾਸ ਕੰਮਾਂ ਸਬੰਧੀ ਕੀਤੇ ਜਾ ਰਹੇ ਵੱਡੇ ਵੱਡੇ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ। ਇਸ ਮੀਂਹ ਕਾਰਨ ਜਿਥੇ ਫ਼ਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ, ਕਲੋਨੀਆਂ ਤੇ ਆਲੇ ਦੁਆਲੇ ਦੇ ਇਲਾਕੇ ਦੀਆਂ ਗਲੀਆਂ, ਸੜਕਾਂ ਪਾਣੀ ਨਾਲ ਜਲਥਲ ਹੋ ਗਈਆਂ, ਉਥੇ ਇਲਾਕੇ ਦੇ ਸਕੂਲਾਂ ਦੇ ਬਾਹਰ ਤੇ ਅੰਦਰ ਪਾਣੀ ਇਕੱਠਾ ਹੋ ਗਿਆ। ਮੀਂਹ ਪੈਣ ਕਰਨ ਸ਼ਹਿਰ ਦੀ ਸੀਵਰੇਜ ਵਿਵਸਥਾ ਵੀ ਵਿਗੜ ਗਈ ਜਿਸ ਕਾਰਨ ਮੀਂਹ ਦਾ ਪਾਣੀ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ’ਤੇ ਖੜ੍ਹਾ ਰਿਹਾ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ) ਇਸ ਖੇਤਰ ’ਚ ਤੜਕਸਾਰ ਸਵੇਰੇ 5 ਵਜੇ ਤੋਂ ਕਰੀਬ 6 ਘੰਟੇ ਭਰਵੀਂ ਬਰਸਾਤ ਹੋਈ। ਜਿਸ ਨਾਲ ਸ਼ਹਿਰ ਦੇ ਨਵਾਂ ਬੱਸ ਸਟੈਂਡ ਕੋਲ ਪੰਜਾਬ ਨੈਸ਼ਨਲ ਬੈਂਕ ਰੋਡ, ਬੱਘਾ ਬਾਜ਼ਾਰ, ਬਾਣੀਆਂ ਮੁਹੱਲਾ, ਊਧਮ ਸਿੰਘ ਚੌਕ, ਇੰਦਰ ਨਗਰੀ, ਦਸ਼ਮੇਸ਼ ਨਗਰੀ, ਬਾਵਾ ਬਚਨ ਦਾਸ ਗਲੀ, ਰੇਲਵੇ ਬਾਜ਼ਾਰ ਅਨਾਜ ਮੰਡੀ ਆਦਿ ਹਿੱਸਿਆ ’ਚ ਢੁੱਕਵੀਂ ਨਿਕਾਸੀ ਨਾ ਹੋਣ ਕਾਰਣ ਮੀਂਹ ਦਾ ਪਾਣੀ ਭਰ ਗਿਆ ਤੇ ਸੀਵਰੇਜ ਸਿਸਟਮ ਦੀ ਪੋਲ ਖੁੱਲ੍ਹ ਗਈ। ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਪਾਣੀ ਜਮ੍ਹਾਂ ਹੋਣ ਕਾਰਣ ਭਾਰੀ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪਿਆ। ਕਿਸਾਨਾਂ ਵੱਲੋਂ ਇਸ ਮੀਂਹ ਨੂੰ ਸਾਉਣੀ ਦੀਆਂ ਫਸਲਾਂ ਲਈ ਵਰਦਾਨ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਰਸਾਤ ਨਾਲ ਝੋਨੇ ਤੇ ਹੋਰਨਾਂ ਫਸਲਾਂ ਉਪਰ ਪੈਣ ਵਾਲੀ ਪੱਤਾ ਲਪੇਟ ਤੇ ਹੋਰ ਕਈ ਬੀਮਾਰੀਆਂ ਤੋਂ ਬਚਾਅ ਹੋਵੇਗਾ। ਬਿਜਲੀ ਅਧਿਕਾਰੀ ਰਮੇਸ਼ ਕੁਮਾਰ ਮੱਕੜ ਨੇ ਦੱਸਿਆ ਕਿ ਖੇਤਰ ’ਚ ਬਰਸਾਤ ਕਾਰਨ ਬਿਜਲੀ ਦੀ ਮੰਗ ਘੱਟ ਗਈ ਹੈ ਜਿਸਦਾ ਵਿਭਾਗ ਨੂੰ ਫਾਇਦਾ ਹੋਵੇਗਾ।
ਬਠਿੰਡਾ (ਸ਼ਗਨ ਕਟਾਰੀਆ) ਭਾਦੋਂ ਦੀ ਪਹਿਲੀ ਰਿੱਮ-ਝਿੱਮ ਨੇ ਪੱਛਮੀ ਪੰਜਾਬ ਦੇ ਬਹੁਤੇ ਹਿੱਸਿਆ ਨੂੰ ਅੱਜ ਕਲਾਵੇ ਵਿਚ ਲੈ ਲਿਆ। ਬਠਿੰਡਾ ਤੇ ਆਸ-ਪਾਸ ਦੇ ਇਲਾਕਿਆਂ ’ਚ ਅੱਜ ਸਵੇਰੇ ਰੁਕੀ ਹੋਈ ਹਵਾ ਦੌਰਾਨ ਛੋਟੀ ਕਣੀ ਦੇ ਛਰਾਟੇ ਪਏ। ਹਲਕੀ ਬਾਰਿਸ਼ ਸਦਕਾ ਕਈ ਦਨਿਾਂ ਤੋਂ ਹੁੰਮਸ ਭਰੀ ਗਰਮੀ ਕਾਰਣ ਬੇਚੈਨ ਹੋਏ ਲੋਕਾਂ ਨੂੰ ਥੋੜ੍ਹਾ ਸੁਖ ਦਾ ਸਾਹ ਮਿਲਿਆ ਹੈ। ਟਿਕ ਕੇ ਪੈ ਰਹੇ ਮੀਂਹ ਤੋਂ ਅੰਨਦਾਤਾ ਖ਼ੁਸ਼ ਹੈ। ਨਰਮੇ, ਝੋਨੇ, ਹਰੇ ਚਾਰੇ ਅਤੇ ਸਬਜ਼ੀਆਂ ਲਈ ਹਲਕੀ ਵਰਖਾ ਵਰਦਾਨ ਮੰਨੀ ਜਾ ਰਹੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਭਲਕੇ ਸ਼ੁੱਕਰਵਾਰ ਨੂੰ ਵੀ ਵਰ੍ਹਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬਠਿੰਡਾ ’ਚ 29.8 ਐੱਮਐੱਮ ਵਰਖਾ ਪੈਣ ਦੀ ਸੂਚਨਾ ਦਿੱਤੀ ਹੈ।
ਭੁੱਚੋ ਮੰਡੀ (ਪਵਨ ਗੋਇਲ) ਭਾਦੋਂ ਦੀ ਕਿਣਮਿਣ ਨੇ ਇਲਾਕੇ ਵਿੱਚ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਅੱਜ ਸਵੱਖਤੇ ਹੀ ਬਰੀਕ ਕਣੀ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਰੁਕ ਰੁਕ ਕੇ ਪੈਂਦਾ ਰਿਹਾ। ਆਸਮਾਨ ’ਚ ਬੱਦਲ ਛਾਏ ਰਹੇ। ਇਸ ਹਲਕੇ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਭਾਰੀ ਰਾਹਤ ਦਿੱਤੀ। ਬੱਚਿਆਂ ਨੇ ਗਲੀਆਂ ਵਿੱਚ ਮੀਂਹ ਦਾ ਖੂਬ ਅਨੰਦ ਮਾਣਿਆ।
ਮਾਲਵਾ ਖੇਤਰ ਵਿੱਚ ਮੀਂਹ ਦੀ ਝੜੀ ਨੇ ਕਿਸਾਨਾਂ ਦੇ ਸਾਹ ਸੂਤੇ
ਮਾਨਸਾ (ਜੋਗਿੰਦਰ ਸਿੰਘ ਮਾਨ) ਪਿਛਲੇ ਦੋ ਦਨਿਾਂ ਤੋਂ ਲੱਗੀ ਮੀਂਹ ਦੀ ਝੜੀ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਭਾਵੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਮੀਂਹ ਨੂੰ ਸਾਉਣੀ ਦੀਆਂ ਫਸਲਾਂ ਲਈ ਲਾਭਦਾਇਕ ਦੱਸ ਰਹੇ ਹਨ, ਪਰ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਇਸ ਮੀਂਹ ਤੋਂ ਝੋਰਾ ਪੈਦਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਨਰਮੇ ਦੀ ਫੁੱਲ ਡੇਗ ਦਿੱਤੇ ਤੇ ਖੇਤਾਂ ਵਿਚ ਮੀਂਹ ਦੇ ਭਾਰ ਨਾਲ ਨਰਮੇ ਟੇਡੇ ਹੋ ਕੇ ਡਿੱਗਣ ਲੱਗੇ ਹਨ। ਦਿਲਚਸਪ ਗੱਲ ਹੈ ਕਿ ਇਸ ਵਾਰ ਨਰਮੇ ਦੀ ਫਸਲ ਵਧੀਆ ਹੈ ਤੇ ਹੁਣ ਇਸ ਮੀਂਹ ਨੇ ਕਿਸਾਨਾਂ ’ਚ ਘਬਰਾਹਟ ਪੈਦਾ ਕਰ ਦਿੱਤੀ ਹੈ। ਹੋਰ ਮੀਂਹ ਆਉਣ ਦੀਆਂ ਖਬਰਾਂ ਨੇ ਕਿਸਾਨਾਂ ਨੂੰ ਝੋਰਾ ਲਾ ਦਿੱਤਾ ਹੈ, ਕਿਉਂਕਿ ਲਗਾਤਾਰ ਮੀਂਹ ਨਾਲ ਨਰਮੇ ਦਾ ਫਲ ਝੜ ਜਾਂਦਾ ਹੈ। ਬੇਸ਼ੱਕ ਖੇਤੀਬਾੜੀ ਮਹਿਕਮੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੱਖਣੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਪਏ ਮੀਂਹ ਨੂੰ ਸਾਉਣੀ ਦੀਆਂਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਜਿੱਥੇ ਫ਼ਸਲਾਂ ਦੇ ਝਾੜ ’ਚ ਵਾਧਾ ਕਰਨਾ ਹੈ, ਉਥੇ ਇਸ ਨਾਲ ਨਰਮੇ ਤੇ ਝੋਨੇ ਉਪਰ ਪੈਦਾ ਹੋਣ ਜਾ ਰਹੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣਾ ਹੈ।
ਮੀਂਹ ਕਾਰਨ ਗਰੀਬ ਮਜ਼ਦੂਰ ਦੇ ਘਰ ਦੀ ਛੱਤ ਡਿੱਗੀ
ਬਰਨਾਲਾ (ਰਵਿੰਦਰ ਰਵੀ) ਤੇਜ਼ ਮੀਂਹ ਕਾਰਨ ਗਰੀਬ ਮਜ਼ਦੂਰ ਦੀ ਛੱਤ ਡਿੱਗ ਗਈ। ਜਸਵੀਰ ਰਾਮ ਪੁੱਵਾਸੀ ਹੰਡਿਆਇਆ ਰੋਡ ਮਾਨਪੱਤੀ ਧਨੌਲਾ ਨੇ ਦੱਸਿਆ ਕਿ ਬੁੱਧਵਾਰ ਦੀ ਦੁਪਹਿਰ ਆਈ ਤੇਜ਼ ਬਾਰਸ਼ ਕਾਰਨ ਕਮਰੇ ਦੀ ਛੱਤ ਡਿੱਗ ਗਈ, ਕਮਰੇ ਪਿਆ ਸਾਮਾਨ, ਟੀਵੀ, ਫਰਿਜ, ਬੈੱਡ, ਕੂਲਰ, ਕਣਕ ਤੇ ਹੋਰ ਸਾਮਾਨ ਛੱਤ ਡਿੱਗਣ ਨਾਲ ਖਰਾਬ ਹੋ ਗਿਆ। ਜਸਵੀਰ ਨੇ ਦੱਸਿਆ ਕਿ ਉਹ ਸਾਊਂਡ, ਸਪੀਕਰ ਦਾ ਕੰਮ ਕਰਦਾ ਹੈ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜਾਰਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਕਾਰਨ ਉਸਦਾ 60-70 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ। ਪਰ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਸਮੂਹ ਪਰਿਵਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨੁਕਸਾਨ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।