ਜ਼ੀਰਕਪੁਰ ਵਿੱਚ ਭਰਿਆ ਮੀਂਹ ਦਾ ਪਾਣੀ
ਹਰਜੀਤ ਸਿੰਘ
ਜ਼ੀਰਕਪੁਰ, 26 ਜੁਲਾਈ
ਇੱਥੇ ਬੀਤੇ ਦਨਿ ਪਏ ਮੀਂਹ ਨਾਲ ਇਲਾਕੇ ਵਿੱਚ ਥਾਂ-ਥਾਂ ਪਾਣੀ ਭਰ ਗਿਆ। ਜ਼ੀਰਕਪੁਰ ਦੇ ਪੀਰਮੁਛੱਲਾ, ਢਕੋਲੀ, ਬਲਟਾਣਾ, ਲੋਹਗੜ੍ਹ, ਵੀਆਈਪੀ ਰੋਡ ਸਣੇ ਹੋਰ ਦਰਜਨਾਂ ਸੁਸਾਇਟੀਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਨਿਾਂ ਤੋਂ ਪੈ ਰਹੇ ਭਰਵੇਂ ਮੀਂਹ ਨੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜ਼ੀਰਕਪੁਰ ਵਿੱਚ ਪੰਚਕੂਲਾ ਅਤੇ ਚੰਡੀਗੜ੍ਹ ਤੋਂ ਪਾਣੀ ਨਿਕਾਸ ਹੋ ਕੇ ਆ ਜਾਂਦਾ ਹੈ ਜਿਸ ਕਾਰਨ ਇਥੇ ਹਾਲਾਤ ਬਦਤਰ ਹੋ ਜੰਦੇ ਹਨ। ਪ੍ਰਸ਼ਾਸਨ ਲੋਕਾਂ ਨੂੰ ਪਾਣੀ ਤੋਂ ਰਾਹਤ ਦੇਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ।
ਉਧਰ ਪੀਰਮੁਛੱਲਾ ਖੇਤਰ ਵਿੱਚ ਸਥਿਤ ਬਲਿੱਸ ਐਵੇਨਿਊ ਸੁਸਾਇਟੀ ’ਚ ਵੜੇ ਪਾਣੀ ਵਿੱਚ ਕਰੰਟ ਆਉਣ ਕਾਰਨ ਅੱਜ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਵ ਸ਼ੈੱਟੀ (29) ਵਜੋਂ ਹੋਈ ਹੈ। ਉਹ ਮੂਲ ਰੂਪ ’ਚ ਕਰਨਾਟਕ ਦਾ ਰਹਿਣ ਵਾਲਾ ਹੈ। ਉਹ ਕਾਰਾਂ ਦੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਸ਼ਿਵ ਸ਼ੈੱਟੀ ਇੱਥੇ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਬੀਤੇ ਦਨਿ ਮੀਂਹ ਕਾਰਨ ਉਨ੍ਹਾਂ ਦੀ ਸੁਸਾਇਟੀ ਦੀ ਪਾਰਕਿੰਗ ਵਿੱਚ ਵੀ ਪਾਣੀ ਭਰ ਗਿਆ। ਉਹ ਪਾਰਕਿੰਗ ਵਿੱਚ ਪਏ ਇਨਵਰਟਰ ਨੂੰ ਪਾਣੀ ਤੋਂ ਬਚਾਉਣ ਗਿਆ ਸੀ। ਇਸ ਦੌਰਾਨ ਅਚਾਨਕ ਪਾਣੀ ਵਿੱਚ ਕਰੰਟ ਆਉਣ ਕਾਰਨ ਉਸ ਦੀ ਮੌਤ ਹੋ ਗਈ।
ਮੁਹਾਲੀ ਵਿੱਚ ਚੱਲਦੀ ਕਾਰ ’ਤੇ ਦਰੱਖ਼ਤ ਡਿੱਗਿਆ
ਮੁਹਾਲੀ (ਪੱਤਰ ਪ੍ਰੇਰਕ): ਇੱਥੋਂ ਦੇ ਫੇਜ਼-4 ਦੀ ਮਾਰਕੀਟ ਤੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵੱਲ ਜਾਂਦੀ ਸੜਕ ਕਨਿਾਰੇ ਲੱਗਾ ਇੱਕ ਦਰਖ਼ਤ ਉੱਥੋਂ ਲੰਘ ਰਹੀ ਇੱਕ ਕਾਰ ਉੱਤੇ ਡਿੱਗ ਗਿਆ। ਇਸ ਹਾਦਸੇ ਵਿੱਚ ਭਾਵੇਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਲਾਕੇ ਦੀ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਦੱਸਿਆ ਕਿ ਸਥਾਨਕ ਫੇਜ਼-4 ਦਾ ਇੱਕ ਪਰਿਵਾਰ ਲੰਘੀ ਰਾਤ ਕਰੀਬ 9.30 ਵਜੇ ਆਪਣੇ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਅਚਾਨਕ ਉਨ੍ਹਾਂ ਦੀ ਕਾਰ ’ਤੇ ਇੱਕ ਦਰਖ਼ਤ ਡਿੱਗ ਪਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹੋਰਨਾਂ ਥਾਵਾਂ ’ਤੇ ਵੀ ਬਹੁਤ ਪੁਰਾਣੇ ਦਰੱਖਤ ਲੱਗੇ ਹਨ, ਵੱਡੇ ਦਰਖ਼ਤਾਂ ਦੀ ਉੱਪਰੋਂ ਛੰਗਾਈ ਨਾ ਹੋਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।
ਪਿੰਡ ਬੜੀ ਦੀ ਸੰਪਰਕ ਸੜਕ ’ਚ ਪਿਆ ਪਾੜ
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਜ਼ਿਲ੍ਹੇ ਵਿੱਚ ਬੀਤੀ ਰਾਤ ਪਏ ਮੀਂਹ ਕਾਰਨ ਸਗਰਾਓਂ ਨਦੀ ਨੇ ਘਾੜ ਇਲਾਕੇ ਵਿੱਚ ਪੈਂਦੇ ਪਿੰਡਾਂ ਬੜੀ ਤੇ ਕਾਲੂਵਾਲ ਭੋਲੋਂ ਪਿੰਡਾਂ ਵਿੱਚ ਕਾਫੀ ਨੁਕਸਾਨ ਕੀਤਾ। ਪਿੰਡ ਬੜੀ ਦੀ ਸਰਪੰਚ ਪੁਸ਼ਪਾ ਦੇਵੀ ਅਤੇ ਪੰਚਾਇਤ ਮੈਂਬਰ ਕੈਪਟਨ ਮੁਲਤਾਨ ਸਿੰਘ ਰਾਣਾ ਨੇ ਦੱਸਿਆ ਕਿ ਨਦੀ ਦੇ ਪਾਣੀ ਨੇ ਜਿੱਥੇ ਉਨ੍ਹਾਂ ਦੇ ਪਿੰਡ ਦੀਆਂ ਲਿੰਕ ਸੜਕਾਂ ਨੂੰ ਨੁਕਸਾਨ ਪਹੁੰਚਾਇਆ ਉਥੇ ਹੀ ਇਹ ਪਾਣੀ ਪਿੰਡ ਬੜੀ ਅਤੇ ਕਾਲੂਵਾਲ ਭੋਲੋਂ ਦੇ ਕਈ ਘਰਾਂ ਵਿੱਚ ਵੀ ਵੜ ਗਿਆ। ਉਨ੍ਹਾਂ ਦੱਸਿਆ ਕਿ ਨਦੀ ਦੇ ਆਲੇ ਦੁਆਲੇ ਪੈਂਦੀਆਂ ਫਸਲਾਂ ਵੀ ਨੁਕਸਾਨੀਆਂ ਗਈਆਂ ਹਨ।